Vistara ਨੇ ਵਧਾਈ ਉਡਾਣਾਂ ਦੀ ਗਿਣਤੀ, ਜਾਣੋ ਕਿਹੜੇ ਮਾਰਗਾਂ 'ਤੇ ਉੱਡਣਗੇ ਵਧੇਰੇ ਜਹਾਜ਼

Saturday, Oct 24, 2020 - 12:58 PM (IST)

ਨਵੀਂ ਦਿੱਲੀ — ਗੋਆ ਦੇਸ਼ ਦਾ ਸਭ ਤੋਂ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ ਜਿਥੇ ਭਾਰਤੀ ਅਤੇ ਵਿਦੇਸ਼ੀ ਸੈਲਾਨੀ ਘੁੰਮਣ ਲਈ ਆਉਂਦੇ ਹਨ। ਯੂ.ਕੇ. ਅਤੇ ਰੂਸ ਤੋਂ ਬਹੁਤ ਸਾਰੇ ਸੈਲਾਨੀ ਗੋਆ ਵਿਚ ਆਪਣੀਆਂ ਛੁੱਟੀਆਂ ਮਨਾਉਣ ਲਈ ਆਉਂਦੇ ਹਨ। ਇਸ ਸਾਲ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਗੋਆ ਵਿਚ ਸੈਲਾਨੀਆਂ ਦੀ ਆਵਾਜਾਈ ਘੱਟ ਗਈ। ਪਰ ਹੁਣ ਸਥਿਤੀ ਵਿਚ ਸੁਧਾਰ ਦੇ ਨਾਲ-ਨਾਲ ਇਕ ਵਾਰ ਫਿਰ ਸੈਲਾਨੀਆਂ ਨੇ ਗੋਆ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿਚ ਏਅਰਲਾਇੰਸ ਕੰਪਨੀਆਂ ਨੇ ਵੀ ਗੋਆ ਲਈ ਉਡਾਣਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਹੈ।

ਵਿਸਤਾਰਾ ਏਅਰਲਾਇੰਸ ਵਧੇਰੇ ਉਡਾਣਾਂ ਦਾ ਕਰੇਗੀ ਸੰਚਾਲਨ

ਵਿਸਤਾਰਾ ਏਅਰ ਲਾਈਨ ਦੇ ਮੁੱਖ ਵਪਾਰਕ ਅਧਿਕਾਰੀ ਵਿਨੋਦ ਖੰਨਾ ਅਨੁਸਾਰ, ਜਲਦੀ ਹੀ ਦਿੱਲੀ-ਗੋਆ ਅਤੇ ਮੁੰਬਈ-ਗੋਆ ਵਿਚਕਾਰ ਹੋਰ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਵਿਸਤਾਰਾ ਏਅਰ ਲਾਈਨ ਦੀਆਂ ਹਫ਼ਤਾਵਾਰੀ ਉਡਾਣਾਂ ਦਿੱਲੀ ਅਤੇ ਗੋਆ ਵਿਚਕਾਰ ਹਨ ਅਤੇ 10 ਉਡਾਣਾਂ ਮੁੰਬਈ ਅਤੇ ਗੋਆ ਦੇ ਵਿਚਕਾਰ ਜਾਰੀ ਹਨ। ਇਨ੍ਹਾਂ ਮਾਰਗਾਂ 'ਤੇ ਉਤਸ਼ਾਹਜਨਕ ਹੁੰਗਾਰੇ ਦੇ ਮੱਦੇਨਜ਼ਰ ਅਸੀਂ 25 ਅਕਤੂਬਰ ਤੋਂ ਸਰਦੀਆਂ ਦੇ ਪ੍ਰੋਗਰਾਮ ਲਈ 11-11 ਹਫ਼ਤਾਵਾਰੀ ਉਡਾਣਾਂ ਦੀ ਯੋਜਨਾ ਬਣਾ ਰਹੇ ਹਾਂ।

ਇਹ ਵੀ ਪੜ੍ਹੋ: ਦੀਵਾਲੀ ਤੋਂ ਬਾਅਦ ਹੋਰ ਘਟਣਗੇ ਕਾਜੂ-ਬਦਾਮ ਅਤੇ ਸੌਗੀ ਦੇ ਭਾਅ, ਜਾਣੋ ਕਿਉਂ?

ਵਿਸਤਾਰਾ ਏਅਰਲਾਇੰਸ ਨੇ ਕਰਵਾਇਆ ਸਰਵੇ 

ਵਿਸਤਾਰਾ ਦੇ ਮੁੱਖ ਵਪਾਰਕ ਅਧਿਕਾਰੀ ਵਿਨੋਦ ਖੰਨਾ ਅਨੁਸਾਰ ਤਿਉਹਾਰਾਂ ਦੇ ਮੌਸਮ ਦੌਰਾਨ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ। ਜੋ ਕਿ ਏਅਰ ਲਾਈਨ ਕੰਪਨੀ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਸਿਹਤ ਉਪਾਵਾਂ ਅਤੇ ਸੁਰੱਖਿਆ ਪ੍ਰਕਿਰਿਆਵਾਂ 'ਤੇ ਨਿਰਭਰ ਕਰੇਗਾ। ਇਸ ਦੇ ਨਾਲ ਹੀ ਖੰਨਾ ਨੇ ਕਿਹਾ ਕਿ ਵਿਸਤਾਰਾ ਨੇ ਜੂਨ ਵਿਚ ਇੱਕ ਯਾਤਰੀ ਸਰਵੇਖਣ ਕੀਤਾ ਸੀ। ਜਿਸ ਵਿਚ ਇਹ ਖੁਲਾਸਾ ਹੋਇਆ ਸੀ ਕਿ 65 ਪ੍ਰਤੀਸ਼ਤ ਯਾਤਰੀ ਦਸੰਬਰ ਦੇ ਆਸ ਪਾਸ ਵਿਸਤਾਰਾ ਦੀ ਅਗਲੀ ਉਡਾਣ ਬੁੱਕ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਹਵਾਈ ਯਾਤਰੀਆਂ ਦੀ ਗਿਣਤੀ ਨੂੰ ਵੇਖਦੇ ਹੋਏ ਸਾਰੇ ਮਾਰਗਾਂ 'ਤੇ ਉਡਾਣਾਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਬੀਮਾ ਪਾਲਸੀ ਲੈਂਦੇ ਸਮੇਂ ਕਿਸੇ ਜਾਣਕਾਰੀ ਨੂੰ ਲੁਕਾਉਣਾ ਹੋ ਸਕਦੈ ਨੁਕਸਾਨਦੇਹ , ਜਾਣੋ SC ਦੇ ਫੈਸਲੇ ਬਾਰੇ

 


Harinder Kaur

Content Editor

Related News