ਵਾਹਨਾਂ ਦੀ ਵਿਕਰੀ 'ਚ ਮੰਦੀ ਬਰਕਰਾਰ, ਨਵੰਬਰ 'ਚ ਵੀ ਜਾਰੀ ਰਹੀ ਗਿਰਾਵਟ

12/3/2019 11:43:03 AM

ਨਵੀਂ ਦਿੱਲੀ — ਆਟੋ ਸੈਕਟਰ ਮੌਜੂਦਾ ਸਮੇਂ 'ਚ ਆਪਣੇ ਹੁਣ ਤੱਕ ਦੇ ਸਭ ਤੋਂ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ। ਜੇਕਰ ਅਕਤੂਬਰ ਦਾ ਮਹੀਨਾ ਛੱਡ ਦਈਏ ਤਾਂ ਪਿਛਲੇ 10 ਮਹੀਨਿਆਂ ਤੋਂ ਵਾਹਨਾਂ ਦੀ ਵਿਕਰੀ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹੁੰਡਈ ਨੂੰ ਛੱਡ ਕੇ ਜ਼ਿਆਦਾਤਰ ਆਟੋ ਕੰਪਨੀਆਂ ਦੀ ਨਵੰਬਰ ਮਹੀਨੇ ਦੀ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ।

ਟਾਟਾ ਮੋਟਰਜ਼ ਦੀ ਵਿਕਰੀ ਵਿਚ 25 ਫੀਸਦੀ ਦੀ ਗਿਰਾਵਟ

ਟਾਟਾ ਮੋਟਰਜ਼ ਦੇ ਵਾਹਨਾਂ ਦੀ ਸੇਲ ਨਵੰਬਰ ਮਹੀਨੇ 'ਚ 25.32 ਫੀਸਦੀ ਡਿੱਗ ਕੇ 41,124 ਯੁਨਿਟ ਹੋ ਗਈ ਜਿਹੜੀ ਕਿ ਪਿਛਲੇ ਸਾਲ ਨਵੰਬਰ ਵਿਚ 55,074 ਯੂਨਿਟ ਸੀ। ਇਸ ਦੌਰਾਨ ਟਾਟਾ ਮੋਟਰਜ਼ ਦੀ ਘਰੇਲੂ ਵਿਕਰੀ ਪਿਛਲੇ ਸਾਲ ਦੀ 50,470 ਇਕਾਈਆਂ ਦੀ ਤੁਲਨਾ ਵਿਚ 25 ਫੀਸਦੀ ਡਿੱਗ ਕੇ 38,057 ਇਕਾਈਆਂ 'ਤੇ ਆ ਗਈ। ਕੰਪਨੀ ਦੇ ਯਾਤਰੀ ਵਾਹਨਾਂ ਦੀ ਵਿਕਰੀ ਵੀ 39 ਫੀਸਦੀ ਘੱਟ ਕੇ ਇਸ ਸਾਲ ਨਵੰਬਰ 'ਚ 10,400 ਇਕਾਈਆਂ 'ਤੇ ਆ ਗਈ।

ਬਜਾਜ ਆਟੋ ਦੀ ਵਿਕਰੀ 'ਚ ਵੀ ਆਈ ਹਲਕੀ ਕਮੀ

ਬਜਾਜ ਆਟੋ ਦੀ ਵਿਕਰੀ ਇਸ ਸਾਲ ਨਵੰਬਰ ਮਹੀਨੇ 'ਚ 0.9% ਡਿੱਗ ਕੇ 4,03,223 ਇਕਾਈ ਰਹੀ। ਕੰਪਨੀ ਨੇ ਬੀਤੇ ਸਾਲ ਇਸੇ ਮਹੀਨੇ 4,06,930 ਵਾਹਨ ਵੇਚੇ ਸਨ। ਕੰਪਨੀ ਨੇ ਬੰਬਈ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਕਿ ਨਵੰਬਰ 2019 ਵਿਚ ਉਸਦੀ ਘਰੇਲੂ ਬਜ਼ਾਰ ਵਿਚ ਵਿਕਰੀ 2,07,775 ਰਹੀ। ਇਹ ਪਿਛਲੇ ਸਾਲ ਇਸ ਮਹੀਨੇ 'ਚ ਹੋਈ 2,34,818 ਇਕਾਈ ਦੀ ਵਿਕਰੀ ਦੀ ਤੁਲਨਾ ਵਿਚ 11.5 ਫੀਸਦੀ ਘੱਟ ਹੈ।

ਮਾਰੂਤੀ ਸੁਜ਼ੂਕੀ ਦੀ ਵਿਕਰੀ 1.9% ਡਿੱਗੀ

ਮਾਰੂਤੀ ਸੁਜ਼ੂਕੀ ਦੀ ਨਵੰਬਰ ਮਹੀਨੇ ਦੀ ਵਿਕਰੀ 1.9 ਫੀਸਦੀ ਡਿੱਗ ਕੇ 1,50,630 ਯੂਨਿਟ ਹੋ ਗਈ, ਜਿਹੜੀ ਕਿ ਪਿਛਲੇ ਸਾਲ ਨਵੰਬਰ ਵਿਚ 1,53,539 ਯੂਨਿਟ ਸੀ। ਇਸ ਦੌਰਾਨ ਘਰੇਲੂ ਵਿਕਰੀ ਪਿਛਲੇ ਸਾਲ ਦੀ 1,46,018 ਯੂਨਿਟ ਦੇ ਮੁਕਾਬਲੇ 1.6 ਫੀਸਦੀ ਡਿੱਗ ਕੇ 1,43,686 ਯੂਨਿਟ ਹੋ ਗਈ। ਕੰਪਨੀ ਦਾ ਨਵੰਬਰ ਮਹੀਨੇ ਦੌਰਾਨ ਨਿਰਯਾਤ ਵੀ 7.7 ਫੀਸਦੀ ਡਿੱਗ ਕੇ 6,944 ਇਕਾਈਆਂ 'ਤੇ ਆ ਗਿਆ। ਪਿਛਲੇ ਸਾਲ ਇਸ ਦੌਰਾਨ ਨਿਰਯਾਤ 7,521 ਯੂਨਿਟ ਸੀ।

ਮਹਿੰਦਰਾ ਦੀ ਵਿਕਰੀ 9 ਫੀਸਦੀ ਡਿੱਗੀ

ਮਹਿੰਦਰਾ ਐਂਡ ਮਹਿੰਦਰਾ ਦੀ ਕੁੱਲ ਵਿਕਰੀ ਨਵੰਬਰ 'ਚ 9 ਫੀਸਦੀ ਡਿੱਗ ਕੇ 41,235 ਯੂਨਿਟ ਰਹੀ। ਪਿਛਲੇ ਮਹੀਨੇ ਇਸ ਦੌਰਾਨ 45,101 ਯੂਨਿਟ ਦੀ ਵਿਕਰੀ ਹੋਈ ਸੀ। ਕੰਪਨੀ ਦੀ ਯਾਤਰੀ ਵਾਹਨ ਸ਼੍ਰੇਣੀ ਵਿਚ ਵਿਕਰੀ 10 ਫੀਸਦੀ ਡਿੱਗ ਕੇ 14,637 ਯੂਨਿਟ ਰਹੀ। ਜਿਹੜੀ ਪਿਛਲੇ ਸਾਲ ਨਵੰਬਰ ਵਿਚ 16,188 ਯੂਨਿਟ ਸੀ। ਇਸ ਦੇ ਨਾਲ ਹੀ ਮਹਿੰਦਰਾ ਦੀ ਕੁੱਲ ਟ੍ਰੈਕਟਰ ਵਿਕਰੀ ਵੀ ਨਵੰਬਰ 2019 ਵਿਚ ਡਿੱਗ ਕੇ 21,032 ਇਕਾਈ ਰਹੀ। ਇਕ ਸਾਲ ਪਹਿਲਾਂ ਇਸੇ ਮਹੀਨੇ ਇਹ ਅੰਕੜਾ 25,949 ਟ੍ਰੈਕਟਰ ਦੀ ਵਿਕਰੀ ਦਾ ਸੀ।

ਹੋਂਡਾ ਵਾਹਨਾਂ ਦੀ ਵਿਕਰੀ 50 ਫੀਸਦੀ ਡਿੱਗੀ

ਵਾਹਨ ਕੰਪਨੀ ਹੋਂਡਾ ਕਾਰਸ ਇੰਡੀਆ ਲਿਮਟਿਡ ਦੀ ਘਰੇਲੂ ਵਿਕਰੀ ਨਵੰਬਰ ਮਹੀਨੇ ਵਿਚ 50.33 ਫੀਸਦੀ ਡਿੱਗ ਕੇ 6,459 ਯੂਨਿਟ ਰਹੀ। ਪਿਛਲੇ ਸਾਲ ਹੁੰਡਈ ਨੇ ਨਵੰਬਰ 'ਚ ਘਰੇਲੂ ਬਜ਼ਾਰ ਵਿਚ 13,006 ਵਾਹਨਾਂ ਦੀ ਵਿਕਰੀ ਕੀਤੀ ਸੀ।

ਹੁੰਡਈ ਦੀ ਸੇਲ 7.2 ਫੀਸਦੀ ਵਧੀ

ਹੁੰਡਈ ਮੋਟਰ ਇੰਡੀਆ ਲਿਮਟਿਡ ਦੀ ਕੁੱਲ ਵਿਕਰੀ ਨਵੰਬਰ ਮਹੀਨੇ ਵਿਚ 7.2 ਫੀਸਦੀ ਵਧ ਕੇ 60,500 ਯੂਨਿਟ ਰਹੀ। ਇਸ ਸਾਲ ਪਹਿਲਾਂ ਇਸੇ ਮਹੀਨੇ ਕੰਪਨੀ ਨੇ 56,411 ਵਾਹਨਾਂ ਦੀ ਵਿਕਰੀ ਕੀਤੀ ਸੀ। ਨਵੰਬਰ ਵਿਚ ਘਰੇਲੂ ਬਜ਼ਾਰ ਵਿਚ ਵਾਹਨਾਂ ਦੀ ਵਿਕਰੀ ਦੋ ਫੀਸਦੀ ਵਧੀ ਜਦੋਂਕਿ ਨਵੰਬਰ 2018 ਵਿਚ ਕੰਪਨੀ ਨੇ 43,709 ਵਾਹਨ ਵੇਚੇ ਸਨ।
 

ਟੋਇਟਾ ਕਿਰਲੋਸਕਰ ਮੋਟਰ ਵਾਹਨਾਂ ਦੀ ਵਿਕਰੀ ਨਵੰਬਰ ਵਿਚ 18.86% ਡਿੱਗੀ

ਟੋਇਟਾ ਕਿਰਲੋਸਕਰ ਮੋਟਰ ਦੇ ਵਾਹਨਾਂ ਦੀ ਵਿਕਰੀ ਨਵੰਬਰ ਵਿਚ 18.86% ਘਟ ਕੇ 9,241 ਇਕਾਈ ਰਹੀ। ਕੰਪਨੀ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ 11,390 ਵਾਹਨ ਵੇਚੇ ਸਨ। ਬਿਆਨ ਅਨੁਸਾਰ ਕੰਪਨੀ ਨੇ ਸਮੀਖਿਆ ਅਧੀਨ ਇਸੇ ਮਹੀਨੇ ਘਰੇਲੂ ਮਾਰਕੀਟ 'ਚ 8,312 ਵਾਹਨ ਵੇਚੇ ਜਦੋਂਕਿ ਇਕ ਸਾਲ ਪਹਿਲਾਂ ਵਿਕਰੀ ਦਾ ਅੰਕੜਾ 10,721 ਸੀ। ਇਹ ਵਿਕਰੀ 'ਚ 22% ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਕੰਪਨੀ ਆਪਣੀ ਨਿਰਮਾਣ ਚੇਨ ਵਿਚ ਸੁਧਾਰ ਕਰਨ ਜਾ ਰਹੀ ਹੈ। ਉਹ ਪ੍ਰਦੂਸ਼ਣ ਮਾਨਕ ਬੀਐਸ-6 ਮਾਡਲ ਨੂੰ ਅਪਣਾਉਣ ਜਾ ਰਹੀ ਹੈ। ਇਸ ਲਈ ਦਸੰਬਰ ਤੱਕ ਪੁਰਾਣੇ ਸਟਾਕ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਿਆਦ ਦੌਰਾਨ ਇਸ ਦੀ ਬਰਾਮਦ 38.86% ਵਧ ਕੇ 929 ਯੂਨਿਟ ਤੱਕ ਪਹੁੰਚ ਗਿਆ। ਇਕ ਸਾਲ ਪਹਿਲਾਂ ਇਸੇ ਮਹੀਨੇ ਦੀ ਬਰਾਮਦ 669 ਯੂਨਿਟ ਸੀ। ਟੋਇਟਾ ਕਿਰਲੋਸਕਰ ਮੋਟਰ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਐਨ.ਰਾਜ ਨੇ ਕਿਹਾ, 'ਅਸੀਂ ਜਾਣ ਬੁੱਝ ਕੇ ਡੀਲਰਾਂ ਨੂੰ ਵਾਹਨÎਾਂ ਦੀ ਵਿਕਰੀ ਘਟਾ ਰਹੇ ਹਾਂ। ਤਾਂ ਜੋ ਉਨ੍ਹਾਂ ਕੋਲ ਜਮ੍ਹਾਂ ਸਟਾਕ ਘੱਟ ਹੋਵੇ ਅਤੇ ਉਨ੍ਹਾਂ ਨੂੰ ਮਾਰਕੀਟ ਵਿਚ ਉੱਚੀ ਪੇਸ਼ਕਸ਼ ਨਾ ਕਰਨੀ ਪਵੇ। ਅਸੀਂ ਆਪਣਾ ਉਤਪਾਦਨ ਨੂੰ ਵਿਵਸਥ ਕਰ ਰਹੇ ਹਾਂ ਤਾਂ ਕਿ ਅਪ੍ਰੈਲ 2020 ਵਿਚ ਬੀਐਸ-6 ਸਟੈਂਡਰਡ ਵਾਹਨਾਂ ਦੇ ਆਉਣ ਤੋਂ ਪਹਿਲਾਂ ਸਾਡੇ ਡੀਲਰਾਂ 'ਤੇ ਦਬਾਅ ਨਾ ਵਧੇ'। ਉਨ੍ਹਾਂ ਨੇ ਕਿਹਾ ਕਿ ਬਜ਼ਾਰ ਵਿਚ ਸਕਾਰਾਤਮਕ ਭਾਵ ਨਵੰਬਰ 2019 ਵਿਚ ਵੀ ਬਣਿਆ ਰਿਹਾ ਅਤੇ ਇਹ ਗੱਲ ਸਾਰੇ ਮਾਡਲਾਂ ਦੇ ਉਸਦੇ ਵਾਹਨਾਂ ਲਈ ਗਾਹਕਾਂ ਦੇ ਆਰਡਰ 'ਚ ਉਛਾਲ  ਨਾਲ ਝਲਕਦੀ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਨੇੜਲੇ ਭਵਿੱਖ ਵਿਚ ਪ੍ਰਚੂਨ ਵਿਕਰੀ ਵਿਚ ਇਹ ਰਫਤਾਰ ਜਾਰੀ ਰਹੇਗੀ।