ਸਬਜ਼ੀਆਂ ਤੋਂ ਬਾਅਦ ਮਹਿੰਗੀਆਂ ਦਾਲਾਂ ਲਈ ਵੀ ਰਹੋ ਤਿਆਰ
Tuesday, Sep 29, 2020 - 09:29 AM (IST)
ਨਵੀਂ ਦਿੱਲੀ : ਅਰਹਰ ਦਾਲ ਦੀ ਕੀਮਤ 'ਚ ਤੇਜ਼ੀ ਜਾਰੀ ਹੈ ਅਤੇ ਤਿਓਹਾਰਾਂ 'ਤੇ ਇਸ ਦੇ ਭਾਅ ਘਟਣ ਦੀ ਉਮੀਦ ਘੱਟ ਹੈ। ਥੋਕ ਬਾਜ਼ਾਰ 'ਚ ਕੀਮਤਾਂ 100 ਰੁਪਏ ਪ੍ਰਤੀ ਕਿਲੋ ਤੋਂ ਪਾਰ ਪਹੁੰਚ ਗਈਆਂ ਹਨ। ਪਿਛਲੇ ਕੁਝ ਮਹੀਨਿਆਂ 'ਚ ਇਸ ਦੀਆਂ ਕੀਮਤਾਂ 'ਚ 20 ਫ਼ੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਉਦਯੋਗ ਜਗਤ ਨੇ ਮੰਗ ਕੀਤੀ ਹੈ ਕਿ ਸਰਕਾਰੀ ਏਜੰਸੀ ਨੈਸ਼ਨਲ ਐਗਰੀਕਲਚਰ ਕੋ ਆਪ੍ਰੇਟਿਵ ਮਾਰਕੀਟਿੰਗ ਫੈੱਡਰੇਸ਼ਨ (ਨੈਫੇਡ) ਨੂੰ ਸਪਲਾਈ ਵਧਾਉਣ ਲਈ ਆਪਣਾ ਸਟਾਕ ਰਿਲੀਜ਼ ਕਰਨਾ ਚਾਹੀਦਾ ਹੈ। ਘੱਟ ਸਪਲਾਈ ਦੇ ਮੁਕਾਬਲੇ ਮੰਗ ਮਜ਼ਬੂਤ ਬਣੀ ਹੋਈ ਹੈ। ਇਸ ਲਈ ਕਾਰੋਬਾਰੀਆਂ ਨੇ 2020-21 ਲਈ ਦਰਾਮਦ ਕੋਟਾ ਜਾਰੀ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਸਰਕਾਰ ਦਾ ਮੰਨਣਾ ਹੈ ਕਿ ਸਪਲਾਈ ਦੀ ਸਥਿਤੀ ਠੀਕ ਹੈ ਅਤੇ ਅਗਲੇ ਮਹੀਨੇ 'ਚ ਸਾਉਣੀ ਦੀ ਫ਼ਸਲ ਬਾਜ਼ਾਰ 'ਚ ਆਉਣੀ ਸ਼ੁਰੂ ਹੋ ਜਾਏਗੀ, ਜਿਸ ਨਾਲ ਭਾਅ 'ਚ ਰਾਹਤ ਮਿਲ ਸਕਦੀ ਹੈ।
ਜਦੋਂ ਤੱਕ ਨਵੀਂ ਫ਼ਸਲ ਨਹੀਂ ਆਵੇਗੀ, ਉਦੋਂ ਤੱਕ ਕੀਮਤਾਂ ਮਜ਼ਬੂਤ ਰਹਿਣ ਦਾ ਖਦਸ਼ਾ
ਉਥੇ ਹੀ ਖੇਤੀਬਾੜੀ ਕਮਿਸ਼ਨਰ ਐੱਸ. ਕੇ. ਮਲਹੋਤਰਾ ਦਾ ਕਹਿਣਾ ਹੈ ਕਿ ਸਾਉਣੀ ਸੀਜ਼ਨ 'ਚ ਦਾਲਾਂ ਦਾ ਕੁਲ ਉਤਪਾਦਨ 93 ਲੱਖ ਟਨ ਹੋਵੇਗਾ। ਅਰਹਰ ਦਾ ਉਤਪਾਦਨ ਪਿਛਲੇ ਸਾਲ ਦੇ 38.3 ਲੱਖ ਟਨ ਦੇ ਮੁਕਾਬਲੇ ਇਸ ਸਾਲ ਵਧ ਕੇ 40 ਲੱਖ ਟਨ ਹੋਣ ਦੀ ਉਮੀਦ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਵੀਂ ਫ਼ਸਲ ਨਹੀਂ ਆਵੇਗੀ, ਉਦੋਂ ਤੱਕ ਕੀਮਤਾਂ ਮਜ਼ਬੂਤ ਬਣੇ ਰਹਿਣ ਦਾ ਖਦਸ਼ਾ ਹੈ। ਦਾਲ ਦਰਾਮਦਕਾਰਾਂ ਨੇ 2020-21 ਲਈ ਅਰਹਰ ਲਈ ਦਰਾਮਦ ਕੋਟਾ ਜਾਰੀ ਕਰਨ ਦੀ ਮੰਗ ਕੀਤੀ ਹੈ। ਸਰਕਾਰ ਨੇ ਅਪ੍ਰੈਲ 'ਚ 4 ਲੱਖ ਟਨ ਅਰਹਰ ਦੇ ਦਰਾਮਦ ਕੋਟੇ ਦਾ ਐਲਾਨ ਕੀਤਾ ਸੀ, ਜਿਸ ਨੂੰ ਹਾਲੇ ਤੱਕ ਅਲਾਟ ਨਹੀਂ ਕੀਤਾ ਗਿਆ ਹੈ।
ਕਰਨਾਟਕ 'ਚ ਘੱਟ ਸਕਦੀ ਹੈ 10 ਫ਼ੀਸਦੀ ਪੈਦਾਵਾਰ
ਮਾਹਰਾਂ ਦਾ ਕਹਿਣਾ ਹੈ ਕਿ ਅਜਿਹੇ 'ਚ ਇਸ ਤਿਓਹਾਰ ਮਹਿੰਗੀ ਅਰਹਰ ਦਾਲ ਖ਼ਰੀਦਣ ਤੋਂ ਇਲਾਵਾ ਕੋਈ ਬਦਲ ਨਹੀਂ ਹੋਵੇਗਾ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਤਾਲਾਬੰਦੀ ਮਿਆਦ 'ਚ ਅਰਹਰ ਦੀ ਕੀਮਤ 90 ਰੁਪਏ ਪ੍ਰਤੀ ਕਿਲੋ ਦੇ ਪੱਧਰ ਦੇ ਉੱਚੇ ਭਾਅ ਪਹੁੰਚ ਗਈ ਅਤੇ ਬਾਅਦ 'ਚ ਰੇਟ ਘਟ ਕੇ 82 ਰੁਪਏ ਪ੍ਰਤੀ ਕਿਲੋ ਰਹਿ ਗਿਆ। ਹਾਲਾਂਕਿ ਹੁਣ ਰੇਟ ਮੁੜ ਵਧਣ ਲੱਗੇ ਹਨ। ਕਾਰੋਬਾਰੀਆਂ ਨੂੰ ਡਰ ਹੈ ਕਿ ਕਰਨਾਟਕ 'ਚ ਅਰਹਰ ਦੀ ਫ਼ਸਲ ਨੂੰ ਜ਼ਿਆਦਾ ਮੀਂਹ ਨਾਲ ਨੁਕਸਾਨ ਹੋਵੇਗਾ। ਪੈਦਾਵਾਰ 10 ਫ਼ੀਸਦੀ ਤੱਕ ਘੱਟ ਸਕਦੀ ਹੈ।