ਭਾਰਤ ਤੋਂ ਮੁੜ ਹੋਵੇਗੀ ਵੈਕਸੀਨ ਦੀ ਬਰਾਮਦ
Tuesday, Oct 26, 2021 - 11:21 AM (IST)

ਨਵੀਂ ਦਿੱਲੀ– ਕੋਰੋਨਾ ਕਾਲ ’ਚ ਵੈਕਸੀਨ ਬੇਹੱਦ ਅਹਿਮ ਹੋ ਗਈ ਹੈ। ਇਸ ਸਮੇਂ ਬੇਹੱਦ ਘੱਟ ਦੇਸ਼ ਅਜਿਹੇ ਹਨ, ਜਿੱਥੇ ਇਸ ਦੇ ਵੈਕਸੀਨ ਦਾ ਨਿਰਮਾਣ ਹੋ ਰਿਹਾ ਹੈ। ਭਾਰਤ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ, ਜਿਸ ਨੇ ਪਹਿਲਾਂ ਵੀ ਦੂਜੇ ਦੇਸ਼ਾਂ ਦੀ ਵੈਕਸੀਨ ਦੀ ਸਪਲਾਈ ਕੀਤੀ ਹੈ। ਇਕ ਵਾਰ ਮੁੜ ਭਾਰਤ ਇਨ੍ਹਾਂ ਵੈਕਸੀਨ ਦੀ ਬਰਾਮਦ ਕਰਨ ਦੀ ਸਥਿਤੀ ’ਚ ਆ ਰਿਹਾ ਹੈ।
ਇਕ ਚੋਟੀ ਦੇ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੂਜੇ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀ ਸਪਲਾਈ ਲਈ ਵਚਨਬੱਧ ਹੈ। ਇਸ ਸਾਲ ਦੇ ਅਖੀਰ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਲ ਦੇ ਅਖੀਰ ਤੱਕ ਲੋੜੀਂਦਾ ਉਤਪਾਦਨ ਨਾ ਸਿਰਫ ਘਰੇਲੂ ਲੋੜਾਂ ਨੂੰ ਪੂਰਾ ਕਰੇਗਾ ਸਗੋਂ ਬਰਾਮਦ ਲਈ ਵਾਧੂ ਉਤਪਾਦਨ ਵੀ ਹੋਣ ਲੱਗੇਗਾ। ਅਧਿਕਾਰੀ ਨੇ ਹਾਲਾਂਕਿ ਕਿਹਾ ਕਿ ਦੂਜੇ ਦੇਸ਼ਾਂ ਨੂੰ ਵੈਕਸੀਨ ਦੀ ਸਪਲਾਈ ਦਾ ਆਪਣੇ ਦੇਸ਼ ਦੇ ਟੀਕਾਕਰਨ ਪ੍ਰੋਗਰਾਮ ਨਾਲ ਤਾਲਮੇਲ ਬਿਠਾਉਣਾ ਹੋਵੇਗਾ।
ਭਾਰਤ ਆਪਣੀ ਵਚਨਬੱਧਤਾ ’ਤੇ ਕਾਇਮ
ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ,‘‘ਦੂਜੇ ਦੇਸ਼ਾਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਲਈ ਭਾਰਤ ਆਪਣੀ ਵਚਨਬੱਧਤਾ ’ਤੇ ਕਾਇਮ ਹੈ। ਇਸ ਨੂੰ ਭਾਰਤੀ ਲੀਡਰਸ਼ਿਪ ਨੇ ਦੁਹਰਾਇਆ ਹੈ। ਹਾਲਾਂਕਿ ਹੋਰ ਦੇਸ਼ਾਂ ਨੂੰ ਕੀਤੀ ਜਾਣ ਵਾਲੀ ਸਪਲਾਈ ਨੂੰ ਭਾਰਤ ਦੀਆਂ ਆਪਣੀਆਂ ਵੈਕਸੀਨ ਦੀਆਂ ਲੋੜਾਂ ਨਾਲ ਸੰਤੁਲਿਤ ਕਰਨਾ ਹੋਵੇਗਾ।’’
ਬੀਤੇ ਅਪ੍ਰੈਲ ਤੋਂ ਬਰਾਮਦ ਬੰਦ
ਭਾਰਤ ’ਚ ਬਣੀਆਂ ਕੋਵਿਡ-19 ਵੈਕਸੀਨ ਦੀ ਬਰਾਮਦ ਪਹਿਲਾਂ ਹੋ ਰਹੀ ਸੀ ਪਰ ਇਨਫੈਕਸ਼ਨ ਦੇ ਮਾਮਲਿਆਂ ’ਚ ਅਚਾਨਕ ਵਾਧੇ ਤੋਂ ਬਾਅਦ ਬੀਤੇ ਅਪ੍ਰੈਲ ’ਚ ਇਸ ਦੀ ਬਰਾਮਦ ’ਤੇ ਰੋਕ ਲਗਾ ਦਿੱਤੀ ਗਈ ਸੀ। ਹੁਣ ਸਥਿਤੀ ਨਾਰਮਲ ਹੋ ਰਹੀ ਹੈ ਤਾਂ ਇਕ ਵਾਰ ਮੁੜ ਇਸ ਦੀ ਗੁੰਜਾਇਸ਼ ਬਣ ਰਹੀ ਹੈ।