ਭੁਗਤਾਨ ਲਈ ਬੈਂਕ ਨੋਟਾਂ ਦੀ ਥਾਂ ’ਤੇ ਡਿਜੀਟਲ ਉਪਰਾਲਿਆਂ ਦੀ ਕਰੋ ਵਰਤੋਂ

Tuesday, Mar 10, 2020 - 01:22 PM (IST)

ਨਵੀਂ ਦਿੱਲੀ– ਦੁਨੀਆ ਦੇ ਕਈ ਦੇਸ਼ਾਂ ’ਚ ਕੋਰੋਨਾ ਵਾਇਰਸ ਫੈਲਣ ਦਰਮਿਆਨ ਬੈਂਕਿੰਗ ਖੇਤਰ ਨਾਲ ਜੁੜੀ ਇਕ ਸੰਸਥਾ ਨੇ ਕਿਹਾ ਹੈ ਕਿ ਲੋਕਾਂ ਨੂੰ ਲੈਣ-ਦੇਣ ’ਚ ਕਰੰਸੀ ਨੋਟਾਂ ਦੀ ਬਜਾਏ ਡਿਜੀਟਲ ਤੌਰ-ਤਰੀਕਿਆਂ ਨਾਲ ਭੁਗਤਾਨ ਕਰਨਾ ਚਾਹੀਦਾ ਹੈ।
‘ਵਾਇਸ ਆਫ ਬੈਂਕਿੰਗ’ ਸੰਗਠਨ ਨੇ ਇਹ ਸੁਝਾਅ ਦਿੰਦਿਆਂ ਵਿਸ਼ਵ ਸਿਹਤ ਸੰਗਠਨ ਦੇ ਹਵਾਲੇ ਨਾਲ ਕਿਹਾ ਹੈ ਕਿ ਡਬਲਯੂ. ਐੱਚ. ਓ. ਨੇ ਵੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੈਂਕ ਨੋਟਾਂ ਦੀ ਵਰਤੋਂ ਤੋਂ ਬਚਣ ਅਤੇ ਭੁਗਤਾਨ ਲਈ ਹੋਰ ਡਿਜੀਟਲ ਭੁਗਤਾਨ ਤਰੀਕਿਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ। ਸੰਗਠਨ ਮੁਤਾਬਕ ਦੇਸ਼ ’ਚ ਨੋਟਬੰਦੀ ਦੌਰਾਨ ਵੀ ਇਹ ਵੇਖਿਆ ਗਿਆ ਕਿ ਹਜ਼ਾਰਾਂ ਬੈਂਕ ਕਰਮਚਾਰੀ ਇਨਫੈਕਸ਼ਨ ਤੋਂ ਪੀੜਤ ਹੋਏ ਸਨ। ਸੰਗਠਨ ਨੇ ਕਿਹਾ ਹੈ ਕਿ ਬੈਂਕ ਪ੍ਰਬੰਧਨ ਨੂੰ ਕਰਮਚਾਰੀਆਂ ਦੀ ਸਹੂਲਤ ਲਈ ਲੋੜੀਂਦੀ ਮਾਤਰਾ ’ਚ ਹੈਂਡ ਸੈਨੀਟਾਈਜ਼ਰ ਉਪਲੱਬਧ ਕਰਾਉਣਾ ਚਾਹੀਦਾ ਹੈ।
‘ਵਾਇਸ ਆਫ ਬੈਂਕਿੰਗ’ ਨੇ ਕਿਹਾ ਹੈ ਕਿ ਬੈਂਕ ਨੋਟਾਂ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਧੋਣੇ ਚਾਹੀਦੇ ਹਨ। ਬੀਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਲੋਕਾਂ ਨੂੰ ਜਿੱਥੋਂ ਤੱਕ ਸੰਭਵ ਹੋਵੇ ਸੰਪਰਕ ਰਹਿਤ ਤਕਨੀਕ ਯਾਨੀ ਡਿਜੀਟਲ ਭੁਗਤਾਨ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।


Related News