ਅਮਰੀਕਾ ਦਾ ਚੀਨ ਨੂੰ ਝਟਕਾ ਵਪਾਰਕ ਗਤੀਵਿਧੀਆਂ ਦੀ ਸ਼ੁਰੂ ਕੀਤੀ ਰਸਮੀ ਜਾਂਚ

08/20/2017 2:19:36 AM

ਵਾਸ਼ਿੰਗਟਨ- ਅਮਰੀਕਾ ਨੇ ਬੌਧਿਕ ਜਾਇਦਾਦ ਅਧਿਕਾਰਾਂ ਦੇ ਖੇਤਰ 'ਚ ਚੀਨ ਦੇ ਵਿਹਾਰ ਅਤੇ ਅਣਉੱਚਿਤ ਕਾਰੋਬਾਰੀ ਗਤੀਵਿਧੀਆਂ 'ਚ ਉਸਦੀ ਸ਼ਮੂਲੀਅਤ ਬਾਰੇ ਰਸਮੀ ਰੂਪ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। 
ਅਮਰੀਕਾ ਦੇ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਹਾਇਜ਼ਰ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ''ਵੱਖ-ਵੱਖ ਹਿੱਸੇਦਾਰਾਂ ਅਤੇ ਹੋਰ ਸਰਕਾਰੀ ਏਜੰਸੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਮੈਂ ਤੈਅ ਕੀਤਾ ਕਿ ਇਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਮੈਂ ਰਾਸ਼ਟਰਪਤੀ ਨੂੰ ਅੱਜ ਸੂਚਿਤ ਕਰ ਦਿੱਤਾ ਹੈ ਕਿ ਟਰੇਡ ਐਕਟ 1974 ਦੀ ਧਾਰਾ 301 ਦੇ ਤਹਿਤ ਮੈਂ ਇਸ ਦੀ ਜਾਂਚ ਸ਼ੁਰੂ ਕਰ ਰਿਹਾ ਹਾਂ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 14 ਅਗਸਤ ਨੂੰ ਇਕ ਮੀਮੋ 'ਚ ਵਪਾਰ ਪ੍ਰਤੀਨਿਧੀ ਨੂੰ ਇਸ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਮੀਮੋ 'ਚ ਜ਼ੋਰ ਦੇ ਕੇ ਕਿਹਾ ਗਿਆ ਸੀ ਕਿ ਅਮਰੀਕਾ ਉੱਚ ਤਕਨੀਕੀ ਉਤਪਾਦਾਂ ਦੀ ਜਾਂਚ ਅਤੇ ਵਿਕਾਸ 'ਚ ਕੌਮਾਂਤਰੀ ਤੌਰ 'ਤੇ ਮੋਹਰੀ ਹੈ। ਬੌਧਿਕ ਜਾਇਦਾਦ ਅਧਿਕਾਰਾਂ ਦੀ ਉਲੰਘਣਾ ਅਤੇ ਅਣਉੱਚਿਤ ਤਕਨੀਕ ਦਾ ਤਬਾਦਲਾ ਅਮਰੀਕੀ ਕੰਪਨੀਆਂ ਲਈ ਸੰਭਾਵੀ ਖ਼ਤਰਾ ਹੈ ਕਿਉਂਕਿ ਇਸ ਨਾਲ ਕੌਮਾਂਤਰੀ ਬਾਜ਼ਾਰ 'ਚ ਉਨ੍ਹਾਂ ਦੀ ਮੁਕਾਬਲੇਬਾਜ਼ੀ ਪ੍ਰਭਾਵਿਤ ਹੁੰਦੀ ਹੈ। ਇਸ 'ਚ ਅੱਗੇ ਕਿਹਾ ਗਿਆ ਸੀ ਕਿ ਚੀਨ ਦੀਆਂ ਗਤੀਵਿਧੀਆਂ ਨਾਲ ਅਮਰੀਕੀ ਬਰਾਮਦ 'ਤੇ ਅਸਰ ਪੈ ਸਕਦਾ ਹੈ ਅਤੇ ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਖੁੱਸ ਕੇ ਚੀਨ ਕੋਲ ਜਾ ਸਕਦੇ ਹਨ। ਇਸ ਨਾਲ ਇਨੋਵੇਸ਼ਨ ਦੇ ਉੱਚਿਤ ਸਿਹਰੇ ਤੋਂ ਅਮਰੀਕੀ ਨਾਗਰਿਕ ਵਾਂਝੇ ਹੋਣਗੇ ਅਤੇ ਚੀਨ ਦੇ ਨਾਲ ਵਪਾਰ ਘਾਟਾ ਵੀ ਵਧੇਗਾ।
ਦੋਵਾਂ ਦੇਸ਼ਾਂ ਵਿਚਾਲੇ ਸਾਲਾਨਾ 663 ਅਰਬ ਡਾਲਰ ਦਾ ਵਪਾਰ
ਲਾਈਟਹਾਇਜ਼ਰ ਅਨੁਸਾਰ ਤਕਨੀਕ ਦਾ ਤਬਾਦਲਾ ਅਤੇ ਬੌਧਿਕ ਜਾਇਦਾਦ ਚੀਨੀ ਕੰਪਨੀਆਂ ਨੂੰ ਦਿਵਾਉਣ ਲਈ ਉਥੋਂ ਦੀ ਸਰਕਾਰ ਵੱਖ-ਵੱਖ ਤਰੀਕਿਆਂ ਨਾਲ ਅਮਰੀਕੀ ਕੰਪਨੀਆਂ 'ਤੇ ਦਬਾਅ ਪਾਉਂਦੀ ਹੈ। ਇਨ੍ਹਾਂ ਤਰੀਕਿਆਂ 'ਚ ਪ੍ਰਸ਼ਾਸਨਿਕ ਮਨਜ਼ੂਰੀ ਦੀ ਪ੍ਰਕਿਰਿਆ 'ਚ ਅਪਾਰਦਰਸ਼ਿਤਾ, ਸਾਂਝੇ ਅਦਾਰੇ ਲਾਉਣ ਦੀ ਮਜਬੂਰੀ, ਵਿਦੇਸ਼ੀ ਹਿੱਸੇਦਾਰੀ ਦੀ ਹੱਦ, ਖਰੀਦ ਆਦਿ ਪ੍ਰਮੁੱਖ ਹਨ। ਉਨ੍ਹਾਂ ਕਿਹਾ ਕਿ ਕਈ ਅਮਰੀਕੀ ਕੰਪਨੀਆਂ ਨੇ ਅਣਲਿਖੇ ਨਿਯਮਾਂ ਦੀ ਸ਼ਿਕਾਇਤ ਕੀਤੀ ਹੈ। ਕੰਪਨੀਆਂ ਨੇ ਇਹ ਵੀ ਕਿਹਾ ਹੈ ਕਿ ਸਥਾਨਕ ਨਿਯਮਾਂ ਅਤੇ ਚੀਨ ਦੇ ਰਾਸ਼ਟਰੀ ਨਿਯਮਾਂ 'ਚ ਵੀ ਸਮਾਨਤਾ ਨਹੀਂ ਹੈ। ਚੀਨ ਇਨ੍ਹਾਂ ਸਾਰਿਆਂ ਨੂੰ ਜ਼ਰੀਆ ਬਣਾ ਕੇ ਅਮਰੀਕੀ ਕੰਪਨੀਆਂ ਨੂੰ ਮਜਬੂਰ ਕਰਦਾ ਹੈ। ਚੀਨ ਅਮਰੀਕਾ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ। ਦੋਵਾਂ ਦੇਸ਼ਾਂ ਦਰਮਿਆਨ ਸਾਲਾਨਾ ਕਰੀਬ 663 ਅਰਬ ਡਾਲਰ ਦਾ ਵਪਾਰ ਹੁੰਦਾ ਹੈ।


Related News