ਅਮਰੀਕਾ-ਚੀਨ ਵਿਚਾਲੇ ਛੇਤੀ ਨਾ ਹੋਇਆ ਸਮਝੌਤਾ ਤਾਂ ਸਥਿਤੀ ਵਿਗੜਨ ਦਾ ਖਦਸ਼ਾ

11/18/2019 10:54:34 AM

ਜਲੰਧਰ — ਚੀਨ ਅਤੇ ਅਮਰੀਕਾ ਵਿਚਾਲੇ ਵਪਾਰ ਯੁੱਧ (ਟ੍ਰੇਡ ਵਾਰ) ਨੂੰ ਲੈ ਕੇ ਚੱਲ ਰਹੀ ਲੜਾਈ ’ਚ ਕਿਸੇ ਵੀ ਪੱਖ ਦੀ ਜਿੱਤ ਨਹੀਂ ਹੋਣ ਵਾਲੀ, ਸਗੋਂ ਪੂਰੀ ਦੁਨੀਆ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਛੇਤੀ ਹੀ ਕੋਈ ਸਮਝੌਤਾ ਨਾ ਹੋਇਆ ਤਾਂ ਸਥਿਤੀ ਹੋਰ ਜ਼ਿਆਦਾ ਵਿਗੜਨ ਦਾ ਖਦਸ਼ਾ ਹੈ। ਸਾਲ 2019 ਦੇ ਪਹਿਲੇ 6 ਮਹੀਨਿਆਂ ਦੇ ਅੰਕੜਿਆਂ ਅਨੁਸਾਰ ਚੀਨ ’ਤੇ ਉੱਚੀ ਅਮਰੀਕੀ ਇੰਪੋਰਟ ਡਿਊਟੀ ਦਾ ਸਾਰਾ ਖਮਿਆਜ਼ਾ ਅਮਰੀਕੀ ਖਪਤਕਾਰਾਂ ਅਤੇ ਫਰਮਾਂ ਨੂੰ ਝੱਲਣਾ ਪੈ ਰਿਹਾ ਹੈ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ (ਅੰਕਟਾਡ) ਦੇ ਅਰਥਸ਼ਾਸਤਰੀ ਐਲੇਸੈਂਡਰੋ ਨਿਕਿਤਾ ਨੇ ਕਿਹਾ ਕਿ ਇਸ ਡਿਊਟੀ ਦਾ ਭੁਗਤਾਨ ਅਮਰੀਕੀ ਖਪਤਕਾਰ ਵਧਦੀਆਂ ਕੀਮਤਾਂ ਦੇ ਰੂਪ ’ਚ ਕਰ ਰਹੇ ਹਨ। ਇਸ ’ਚ ਨਾ ਸਿਰਫ ਸਾਡੇ ਵਰਗੇ ਖਪਤਕਾਰ ਸ਼ਾਮਲ ਹਨ, ਸਗੋਂ ਇੰਟਰਮੀਡੀਏਟ ਉਤਪਾਦਾਂ ਦੀਆਂ ਉਹ ਕੰਪਨੀਆਂ ਵੀ ਹਨ, ਜੋ ਚੀਨ ਤੋਂ ਪੁਰਜ਼ੇ ਇੰਪੋਰਟ ਕਰਦੀਆਂ ਹਨ।

2019 ਦੀ ਪਹਿਲੀ ਛਿਮਾਹੀ ’ਚ ਚੀਨ ’ਤੇ 35 ਅਰਬ ਡਾਲਰ ਦਾ ਬੋਝ

2018 ਦੇ ਮੱਧ ’ਚ ਅਮਰੀਕਾ ਵੱਲੋਂ ਚੁੱਕੇ ਗਏ ਕਦਮਾਂ ਨਾਲ ਏਸ਼ੀਆਈ ਮਹਾਰਥੀ ਚੀਨ ਲਈ ਚੁਣੌਤੀ ਪੈਦਾ ਹੋਈ ਹੈ ਤੇ ਉਸ ’ਤੇ 35 ਅਰਬ ਡਾਲਰ ਦਾ ਬੋਝ ਪਿਆ ਹੈ। ਇਸ ਦੌਰਾਨ ਚੀਨ ਦੀਆਂ ਫਰਮਾਂ ਨੇ ਤੈਅ ਉਤਪਾਦਾਂ ਦੇ ਐਕਸਪੋਰਟ ’ਚ ਔਸਤਨ ਇਕ-ਚੌਥਾਈ ਦੀ ਗਿਰਾਵਟ ਦਰਜ ਕੀਤੀ ਹੈ ਪਰ ਤਾÂਈਵਾਨ ਨੂੰ ਇਸ ਸੁਸਤੀ ਦਾ ਫਾਇਦਾ ਪੁੱਜਾ ਹੈ ਅਤੇ ਸਾਲ 2019 ਦੀ ਪਹਿਲੀ ਛਿਮਾਹੀ ’ਚ ਬਰਾਮਦ ’ਚ 4.2 ਅਰਬ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਹੈ।

ਏਜੰਸੀ ਅੰਕਟਾਡ ਅਨੁਸਾਰ ਇਨ੍ਹਾਂ ਕਦਮਾਂ ਨਾਲ ਕੁਝ ਹੋਰ ਦੇਸ਼ਾਂ ਨੂੰ ਵੀ ਫਾਇਦਾ ਹੋਇਆ ਹੈ, ਜਿਨ੍ਹਾਂ ’ਚ ਮੈਕਸੀਕੋ (3.5 ਅਰਬ ਡਾਲਰ), ਯੂਰਪੀ ਯੂਨੀਅਨ (2.7 ਅਰਬ ਡਾਲਰ) ਅਤੇ ਵੀਅਤਨਾਮ (2.6 ਅਰਬ ਡਾਲਰ) ਸ਼ਾਮਲ ਹਨ। ਕੋਰੀਆ, ਕੈਨੇਡਾ ਅਤੇ ਭਾਰਤ ਨੂੰ ਵੀ ਇਸ ਤੋਂ 0.9 ਅਰਬ ਡਾਲਰ ਤੋਂ 1.5 ਅਰਬ ਡਾਲਰ ਤੱਕ ਦਾ ਲਾਭ ਮਿਲਿਆ ਹੈ। ਇਸ ਤੋਂ ਇਲਾਵਾ ਦੱਖਣ-ਪੂਰਬੀ ਏਸ਼ੀਆ ਦੇ ਹੋਰ ਦੇਸ਼ਾਂ ਨੂੰ ਵੀ ਇਸ ਦਾ ਲਾਭ ਮਿਲਿਆ ਹੈ, ਜਦੋਂ ਕਿ ਅਫਰੀਕੀ ਦੇਸ਼ਾਂ ਨੂੰ ਇਸ ਦਾ ‘ਹੇਠਲਾ’ ਲਾਭ ਹੀ ਮਿਲ ਸਕਿਆ ਹੈ।

ਅਮਰੀਕੀ ਬਾਜ਼ਾਰ ਨੂੰ ਚੀਨ ਦੇ ਐਕਸਪੋਰਟ ’ਚ ਲਗਭਗ 35 ਅਰਬ ਡਾਲਰ ਦੇ ਘਾਟੇ ’ਚੋਂ ਲਗਭਗ 21 ਅਰਬ ਡਾਲਰ ਯਾਨੀ 63 ਫ਼ੀਸਦੀ ਦਾ ਲਾਭ ਇਨ੍ਹਾਂ ਦੇਸ਼ਾਂ ਨੂੰ ਮਿਲਿਆ, ਜਦੋਂ ਕਿ ਬਾਕੀ 14 ਅਰਬ ਡਾਲਰ ਜਾਂ ਤਾਂ ਅਮਰੀਕੀ ਉਤਪਾਦਕਾਂ ਨੂੰ ਮਿਲਿਆ ਜਾਂ ਫਿਰ ਵਿਚ-ਵਿਚਾਲੇ ਹੀ ਗੁੰਮ ਹੋ ਗਿਆ।

ਚੀਨੀ ਨਿਰਮਾਤਾਵਾਂ ’ਤੇ ਲਾਗਤ ਦਾ ਬੋਝ

ਅੰਕਟਾਡ ਅਨੁਸਾਰ ਇਸ ਗੱਲ ਦੇ ਸ਼ੁਰੂਆਤੀ ਨਤੀਜੇ ਹਨ ਕਿ ਚੀਨੀ ਐਕਸਪੋਰਟਰਸ ਨੇ ਐਕਸਪੋਰਟ ਦੀਆਂ ਕੀਮਤਾਂ ਘੱਟ ਕਰ ਕੇ ਡਿਊਟੀ ਦੀ ਲਾਗਤ ਦੇ ਕੁੱਝ ਹਿੱਸੇ ਦਾ ਬੋਝ ਖੁਦ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਜ਼ਿਆਦਾ ਮਾਰ ਚੀਨ ਦੇ ਵਿਨਿਰਮਾਣ ਖੇਤਰ ’ਤੇ ਪਈ ਹੈ। ਖਾਸ ਤੌਰ ’ਤੇ ਕੰਪਿਊਟਰ, ਆਫਿਸ ਮਸ਼ੀਨਰੀ ਅਤੇ ਸੰਚਾਰ ਸਮੱਗਰੀ ਦੇ ਖੇਤਰ ’ਚ, ਇੱਥੇ ਚੀਨ ਤੋਂ ਐਕਸਪੋਰਟ ’ਚ 15 ਅਰਬ ਡਾਲਰ ਦੀ ਗਿਰਾਵਟ ਆਈ ਹੈ। ਰਿਪੋਰਟ ਅਨੁਸਾਰ ਰਸਾਇਣ, ਫਰਨੀਚਰ, ਸਟੀਕ ਉਪਕਰਨ ਅਤੇ ਬਿਜਲਈ ਮਸ਼ੀਨਰੀ ਵਰਗੇ ਦੂਜੇ ਖੇਤਰਾਂ ’ਚ ਵੀ ਕਾਫ਼ੀ ਹੱਦ ਤੱਕ ਗਿਰਾਵਟ ਆਈ ਹੈ। ਇਸ ਦੇ ਬਾਵਜੂਦ ਇਸ ਰਿਪੋਰਟ ’ਚ ਚੀਨੀ ਕੰਪਨੀਆਂ ਦੀ ਮਜ਼ਬੂਤੀ ਨੂੰ ਦਰਸਾਉਂਦਿਆਂ ਕਿਹਾ ਗਿਆ ਹੈ ਕਿ ਅਮਰੀਕਾ ਦੇ ‘ਬਹੁਤ ਜ਼ਿਆਦਾ’ ਇੰਪੋਰਟ ਡਿਊਟੀ ਦੇ ਬਾਵਜੂਦ ਚੀਨੀ ਕੰਪਨੀਆਂ ਨੇ 75 ਫ਼ੀਸਦੀ ਐਕਸਪੋਰਟ ਬਣਾਈ ਰੱਖਿਆ ਹੈ।

ਵਪਾਰ ਯੁੱਧ ਇਕ ਗਲੋਬਲ ਚਿਤਾਵਨੀ

ਕੌਮਾਂਤਰੀ ਵਪਾਰ ਅਤੇ ਵਸਤਾਂ ਦੀ ਨਿਰਦੇਸ਼ਕਾ ਪਾਮੇਲਾ ਕੋਕ ਹੈਮਿਲਟਨ ਨੇ ਦੱਸਿਆ ਕਿ ਅਧਿਐਨ ਦੇ ਨਤੀਜੇ ਤੋਂ ਇਕ ਗਲੋਬਲ ਚਿਤਾਵਨੀ ਮਿਲਦੀ ਹੈ। ਇਕ ਅਜਿਹੇ ਵਪਾਰ ਯੁੱਧ, ਜਿਸ ’ਚ ਸਾਰੇ ਪੱਖਾਂ ਦੀ ਹਾਰ ਤੈਅ ਹੋਵੇ, ਨਾਲ ਨਾ ਸਿਰਫ ਮੁੱਖ ਦਾਅਵੇਦਾਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ, ਸਗੋਂ ਕੌਮਾਂਤਰੀ ਅਰਥਵਿਵਸਥਾ ਅਤੇ ਭਵਿੱਖ ’ਚ ਵਿਕਾਸ ਦੀ ਸਥਿਰਤਾ ਨੂੰ ਮੁਸ਼ਕਿਲ ਖੜ੍ਹੀ ਹੋ ਰਹੀ ਹੈ। ਸਾਨੂੰ ਉਮੀਦ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਇਕ ਸੰਭਾਵੀ ਵਪਾਰ ਸਮਝੌਤਾ ਵਪਾਰਕ ਤਣਾਅ ਨੂੰ ਘੱਟ ਕਰਨ ’ਚ ਮਦਦ ਕਰੇਗਾ।

 


Related News