ਅਮਰੀਕਾ ਅਤੇ ਭਾਰਤ ਨੇ ਸ਼ੁਰੂ ਕੀਤੇ ਯਤਨ, ਇਲੈਕਟ੍ਰਿਕ ਵਾਹਨਾਂ ਦੇ ਬੈਟਰੀ ਮੈਟਲ ਨੂੰ ਸੁਰੱਖਿਅਤ ਕਰਨ ਦੀ ਦੌੜ ਸ਼ੁਰੂ

Tuesday, Jul 06, 2021 - 10:20 AM (IST)

ਨਵੀਂ ਦਿੱਲੀ (ਵਿਸ਼ੇਸ਼) – ਧਰਤੀ ’ਤੇ ਵਧ ਰਹੇ ਤਾਪਮਾਨ ’ਤੇ ਕਾਬੂ ਪਾਉਣ ਲਈ ਦੁਨੀਆ ਹੁਣ ਇਲੈਕਟ੍ਰਿਕ ਵਾਹਨਾਂ ਵੱਲ ਵਧਣ ਲੱਗੀ ਹੈ ਅਤੇ ਆਉਣ ਵਾਲਾ ਦਹਾਕਾ ਇਲੈਕਟ੍ਰਿਕ ਵਾਹਨਾਂ ਦਾ ਦਹਾਕਾ ਹੋਣ ਵਾਲਾ ਹੈ। ਇਲੈਕਟ੍ਰਿਕ ਵਾਹਨਾਂ ਦੇ ਸੈਕਟਰ ’ਚ ਬਾਦਸ਼ਾਹਤ ਕਾਇਮ ਕਰਨ ਲਈ ਦੁਨੀਆ ਭਰ ਦੇ ਦੇਸ਼ਾਂ ’ਚ ਇਲੈਕਟ੍ਰਿਕ ਵਾਹਨਾਂ ਦੇ ’ਚ ਇਸਤੇਮਾਲ ਹੋਣ ਵਾਲੇ ਲੀਥੀਅਮ ਦੇ ਭੰਡਾਰਾਂ ਨੂੰ ਖੁਦ ਲਈ ਸੁਰੱਖਿਅਤ ਕਰਨ ਦੀ ਦੌੜ ਲੱਗਣੀ ਸ਼ੁਰੂ ਹੋ ਗਈ ਹੈ। ਅਮਰੀਕਾ ਦੀ ਇਲੈਕਟ੍ਰਿਕ ਵਾਹਨ ਕੰਪਨੀ ਟੈਸਲਾ ਨੇ ਜਿੱਥੇ ਲੀਥੀਅਮ ਦੀ ਸਪਲਾਈ ਲਈ ਕੰਟੈਂਪਰੇਰੀ ਐਮਪ੍ਰੇਕਸ ਤਕਨਾਲੋਜੀ ਕੰਪਨੀ ਨਾਲ ਸਮਝੌਤਾ ਕੀਤਾ ਹੈ ਅਤੇ ਉੱਥੇ ਹੀ ਜਨਰਲ ਮੋਟਰ ਨੇ ਵੀ ਲੀਥੀਅਮ ਦੇ ਭੰਡਾਰ ਸੁਰੱਖਿਅਤ ਕਰਨ ਲਈ ਲੱਖਾਂ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ ਜਦ ਕਿ ਭਾਰਤ ਵੀ ਲੀਥੀਅਮ ਦੀ ਥਾਂ ਐਲੂਮੀਨੀਅਮ ਦੀ ਬੈਟਰੀ ਵਿਕਸਿਤ ਕਰਨ ’ਤੇ ਕੰਮ ਕਰ ਰਿਹਾ ਹੈ।

ਜਨਰਲ ਮੋਟਰਸ ਨੇ ਸੀ. ਟੀ. ਆਰ. ’ਚ ਕੀਤਾ ਨਿਵੇਸ਼

ਇਸ ਦਰਮਿਆਨ ਅਮਰੀਕਾ ਦੀ ਵੱਡੀ ਆਟੋ ਕੰਪਨੀ ਜਨਰਲ ਮੋਟਰਸ ਇਲੈਕਟ੍ਰਿਕ ਵ੍ਹੀਕਲਸ ਦੇ ਨਿਰਮਾਣ ’ਚ ਇਸਤੇਮਾਲ ਹੋਣ ਵਾਲੇ ਲੀਥੀਅਮ ’ਚ ਵੱਡਾ ਨਿਵੇਸ਼ ਕਰਨ ਜਾ ਰਹੀ ਹੈ। ਕੰਪਨੀ ਨੇ ਆਸਟ੍ਰੇਲੀਆ ਦੇ ਕੰਟਰੋਲਡ ਥਰਮਲ ਰਿਸੋਰਸ (ਸੀ. ਟੀ. ਆਰ.) ’ਚ ਰਣਨੀਤਿਕ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਸੀ. ਟੀ. ਆਰ. ਦਾ ਟੀਚਾ 2024 ਤੱਕ ਅਮਰੀਕਾ ਦਾ ਸਭ ਤੋਂ ਵੱਡਾ ਥਰਮਲ ਰਿਸੋਰਸ ਬਣਾਉਣ ਦਾ ਹੈ। ਕੰਪਨੀ ਇਸ ਪ੍ਰਾਜੈਕਟ ’ਚ ਲੱਖਾਂ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ। ਜਨਰਲ ਮੋਟਰ ਨੇ ਜਿਸ ਹੇਲਸ ਕਿਚੇਨ ਜਿਓਥਰਮਲ ਬ੍ਰਾਈਨ ਪ੍ਰਾਜੈਕਟ ’ਚ ਨਿਵੇਸ਼ ਕੀਤਾ ਹੈ, ਉਹ ਕੈਲੀਫੋਰਨੀਆ ਦੇ ਨੇੜੇ ਸੈਲਟਨ ਸਮੁੰਦਰੀ ਤੱਟ ਦੇ ਕੋਲ ਹੈ। ਕੈਲੀਫੋਰਨੀਆ ਦੇ ਐਨਰਜੀ ਕਮਿਸ਼ਨ ਦੀ ਰਿਪੋਰਟ ਮੁਤਾਬਕ ਜਨਰਲ ਮੋਟਰਸ ਨੇ ਜਿਸ ਪ੍ਰਾਜੈਕਟ ’ਚ ਨਿਵੇਸ਼ ਕੀਤਾ ਹੈ, ਉਸ ’ਚੋਂ ਹਰ ਸਾਲ 6 ਲੱਖ ਟਨ ਲੀਥੀਅਮ ਦਾ ਉਤਪਾਦਨ ਹੋ ਸਕਦਾ ਹੈ ਅਤੇ ਇਸ ਦੀ ਅਨੁਮਾਨਿਤ ਕੀਮਤ 7.2 ਅਰਬ ਡਾਲਰ ਰਹਿ ਸਕਦੀ ਹੈ। ਕੰਪਨੀ ਦਾ ਇਰਾਦਾ 2025 ਤੱਕ ਹਰ ਸਾਲ ਦੱਸ ਲੱਖ ਇਲੈਕਟ੍ਰਿਕ ਵਾਹਨ ਵੇਚਣ ਦਾ ਹੈ ਅਤੇ ਕੰਪਨੀ ਨੇ 2035 ਤੱਕ ਡੀਜ਼ਲ ਅਤੇ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦਾ ਨਿਰਮਾਣ ਬੰਦ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਪਹਿਲਾਂ ਜਨਰਲ ਮੋਟਰਸ ਨੇ ਜੂਨ ’ਚ 2025 ਤੱਕ ਇਲੈਕਟ੍ਰਿਕ ਅਤੇ ਅਟਾਨਮਸ ਵ੍ਹੀਕਲਸ ਸੈਗਮੈਂਟ ’ਚ 35 ਅਰਬ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ।

ਭਾਰਤ ਐਲੂਮੀਨੀਅਮ ਦੀ ਬੈਟਰੀ ਵਿਕਸਿਤ ਕਰੇਗਾ

ਇਲੈਕਟ੍ਰਿਕ ਵਾਹਨਾਂ ਵੱਲ ਵਧ ਰਹੀ ਦੁਨੀਆ ’ਚ ਲੀਥੀਅਮ ’ਤੇ ਨਿਰਭਰਤਾ ਘੱਟ ਕਰਨ ਲਈ ਭਾਰਤ ਨੇ ਐਲੂਮੀਨੀਅਮ ਦੀ ਬੈਟਰੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਐਲੂਮੀਨੀਅਮ ਦੀ ਬੈਟਰੀ ਵਿਕਸਿਤ ਕਰਨ ਲਈ ਇਜ਼ਰਾਇਲ ਦੇ ਸਟਾਰਟਅਪ ਫਿਨਰਜੀ ਨਾਲ ਸਮਝੌਤਾ ਕੀਤਾ ਹੈ। ਇੰਡੀਅਨ ਆਇਲ ਅਤੇ ਫਿਨਰਜੀ ਮਿਲ ਕੇ ਐਲੂਮੀਨੀਅਮ ਦੀ ਬੈਟਰੀ ਵਿਕਸਿਤ ਕਰਨਗੇ। ਇਲੈਕਟ੍ਰਿਕ ਵਾਹਨਾਂ ’ਚ ਇਸਤੇਮਾਲ ਹੋਣ ਵਾਲਾ ਲੀਥੀਅਮ ਭਾਰਤ ’ਚ ਨਹੀਂ ਪਾਇਆ ਜਾਂਦਾ ਪਰ ਦੇਸ਼ ਦੇ ਪੂਰਬੀ ਹਿੱਸਿਆਂ ’ਚ ਐਲੂਮੀਨੀਅਮ ਦਾ ਵੱਡਾ ਭੰਡਾਰ ਹੈ ਅਤੇ ਇਹ ਐਲੂਮੀਨੀਅਮ ਇਲੈਕਟ੍ਰਿਕ ਵਾਹਨਾਂ ਦੀ ਬੈਟਰੀ ਬਣਾਉਣ ’ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਭਾਰਤ ਐਲੂਮੀਨੀਅਮ ਦੇ 10 ਵੱਡੇ ਉਤਪਾਦਕ ਦੇਸ਼ਾਂ ’ਚੋਂ ਹੈ ਅਤੇ ਦੇਸ਼ ’ਚ 600 ਮਿਲੀਅਨ ਟਨ ਦਾ ਐਲੂਮੀਨੀਅਮ ਦਾ ਭੰਡਾਰ ਹੈ ਜੋ ਇਲੈਕਟ੍ਰਿਕ ਵਾਹਨਾਂ ਦੀ ਬੈਟਰੀ ਦੇ ਨਿਰਮਾਣ ’ਚ ਇਸਤੇਮਾਲ ਕੀਤਾ ਜਾ ਸਕਦਾ ਹੈ।


Harinder Kaur

Content Editor

Related News