ਬੇਮੌਸਮੇ ਮੀਂਹ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ, ਫਸਲਾਂ ਨੂੰ ਨੁਕਸਾਨ, ਕਰੋੜਾਂ ਦਾ ਹੋ ਸਕਦੈ ਘਾਟਾ
Sunday, Dec 10, 2023 - 11:56 AM (IST)

ਨਵੀਂ ਦਿੱਲੀ (ਇੰਟ.) – ਬੰਗਾਲ ’ਚ ਬੇਮੌਸਮਾ ਮੀਂਹ ਫਿਲਹਾਲ ਕਿਸਾਨਾਂ ’ਤੇ ਕਹਿਰ ਬਣ ਕੇ ਟੁੱਟ ਰਿਹਾ ਹੈ। ਦਸੰਬਰ ਦੇ ਹਾਲ ਹੀ ਦੇ ਮੀਂਹ ਨਾਲ ਸੂਬੇ ਵਿਚ ਹਾੜ੍ਹੀ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ। ਇਸ ਦੌਰਾਨ ਬੰਗਾਲ ’ਚ ਹੁਗਲੀ, ਹਾਵੜਾ ਅਤੇ ਬਾਂਕੁਰਾ ਸਮੇਤ ਦੋ ਪਰਗਨਾ ਦੇ ਕਿਸਾਨ ਹੋਣ ਵਾਲੇ ਨੁਕਸਾਨ ਬਾਰੇ ਸੋਚ ਕੇ ਚਿੰਤਤ ਹਨ ਜੋ ਕਰੋੜਾਂ ’ਚ ਹੋ ਸਕਦਾ ਹੈ।
ਇਨ੍ਹਾਂ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਖੇਤਾਂ ’ਚ ਵੀ ਲਗਭਗ 30 ਫੀਸਦੀ ਫਸਲ ਪਾਣੀ ’ਚ ਡੁੱਬੀ ਹੋਈ ਹੈ। ਬੰਗਾਲ ਦੇ ਕਈ ਪੇਂਡੂ ਇਲਾਕਿਆਂ ਵਿਚ 50-60 ਮਿ.ਮੀ ਦੇ ਭਾਰੀ ਮੀਂਹ ਕਾਰਨ ਵੱਡੇ ਪੈਮਾਨੇ ’ਤੇ ਖੇਤ ਪਾਣੀ ਨਾਲ ਭਰ ਗਏ ਹਨ।
ਇਹ ਵੀ ਪੜ੍ਹੋ : ਮੁਫ਼ਤ 'ਚ Aadhaar ਅਪਡੇਟ ਕਰਨ ਦਾ ਆਖ਼ਰੀ ਮੌਕਾ, ਬਚੇ ਸਿਰਫ਼ ਕੁਝ ਦਿਨ, ਇੰਝ ਆਨਲਾਈਨ ਕਰੋ update
ਆਲੂ ਦੀ ਖੇਤੀ ਨੂੰ ਵੱਡਾ ਝਟਕਾ
ਖੇਤੀਬਾੜੀ ਵਿਭਾਗ ਮੁਤਾਬਕ ਇਸ ਸਾਲ ਆਲੂ ਦੀ ਖੇਤੀ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ। ਦਰਅਸਲ 70,000 ਹੈਕਟੇਅਰ ਦੇ ਟੀਚੇ ’ਚੋਂ 42,000 ਹੈਕਟੇਅਰ ਵਿਚ ਬੀਜ ਪਹਿਲਾਂ ਹੀ ਬੀਜੇ ਜਾ ਚੁੱਕੇ ਸਨ। ਇਸ ਦਰਮਿਆਨ ਪੂਰਬਸਥਲੀ, ਜਮਾਲਪੁਰ, ਸ਼ਕਤੀਗੜ੍ਹ, ਤਾਰਕੇਸ਼ਵਰ, ਪੁਰਸੁਰਾ ਅਤੇ ਆਰਾਮਬਾਗ ਵਰਗੇ ਖੇਤਰਾਂ ’ਚ ਬੀਜੇ ਗਏ ਬੀਜਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ।
ਸੂਬੇ ਦੇ ਪੰਚਾਇਤ ਅਤੇ ਸਹਿਕਾਰਤਾ ਮੰਤਰੀ ਅਤੇ ਮੁੱਖ ਮੰਤਰੀ ਦੇ ਖੇਤੀਬਾੜੀ ਸਲਾਹਕਾਰ ਪ੍ਰਦੀਪ ਮਜੂਮਦਾਰ ਨੇ ਕਿਹਾ ਕਿ ਫਸਲਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨਾ ਹਾਲੇ ਬਾਕੀ ਹੈ। ਉਨ੍ਹਾਂ ਨੇ 31 ਦਸੰਬਰ ਦੀ ਸਮਾਂ-ਹੱਦ ਤੋਂ ਪਹਿਲਾਂ ਕਿਸਾਨਾਂ ਨੂੰ ਆਲੂ ਦੀ ਫਸਲ ਲਈ ਇੰਸ਼ੋਰੈਂਸ ਕਵਰ ਲਈ ਨਾਮਜ਼ਦਗੀ ਕਰਨ ਦੀ ਅਪੀਲ ਕੀਤੀ। ਹੁਗਲੀ ’ਚ ਆਲੂ ਅਤੇ ਝੋਨੇ ਦੋਹਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਤਾਰਕੇਸ਼ਵਰ ਦੇ ਵਿਧਾਇਕ ਰਾਮੇਂਦੁ ਸਿਨਹਾ ਰਾਏ ਨੇ ਬੂਟਿਆਂ ਦੀਆਂ ਵਧਦੀਆਂ ਕੀਮਤਾਂ ’ਤੇ ਚਿੰਤਾ ਪ੍ਰਗਟਾਈ ਅਤੇ ਸਥਿਤੀ ਦਾ ਫਾਇਦਾ ਉਠਾਉਣ ਵਾਲੇ ਵਪਾਰੀਆਂ ’ਤੇ ਲਗਾਮ ਲਗਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਪਾਨੀਪਤ ਐਕਸਪੋਰਟ ਇੰਡਸਟ੍ਰੀ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ, ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਨਹੀਂ ਮਿਲੇ ਆਰਡਰ
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਝੋਨੇ ਦੀ ਫ਼ਸਲ ਪੱਕਣ ਨਾਲ ਝੋਨੇ ਦੀ ਉਤਪਾਦਕਤਾ ’ਤੇ ਗੰਭੀਰ ਅਸਰ ਨਹੀਂ ਪਵੇਗਾ, ਪਰ ਉਪਜ ਦੀ ਗੁਣਵੱਤਾ ’ਤੇ ਅਸਰ ਪੈਣ ਦੀ ਸੰਭਾਵਨਾ ਹੈ।
ਹਰੀਆਂ ਸਬਜ਼ੀਆਂ ਨੂੰ ਵੀ ਹੋ ਸਕਦੈ ਨੁਕਸਾਨ
ਇਸ ਬੇਮੌਸਮੇ ਮੀਂਹ ਕਾਰਨ ਹੁਗਲੀ, ਬਾਂਕੁਰਾ, ਬਰਦਵਾਨ, ਮਿਦਨਾਪੁਰ ਅਤੇ ਦੋ ਪਰਗਨਾ ਵਿਚ ਜ਼ਿਆਦਾਤਰ ਖੇਤੀ ਯੋਗ ਜ਼ਮੀਨ ਪਾਣੀ ਵਿਚ ਡੁੱਬ ਜਾਣ ਕਾਰਨ ਹਰੀਆਂ ਸਬਜ਼ੀਆਂ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਕਿਸਾਨ ਭਾਈਚਾਰਾ ਇਸ ਬੇਮੌਸਮੀ ਮੀਂਹ ਦੇ ਨਤੀਜਿਆਂ ਨਾਲ ਜੂਝ ਰਿਹਾ ਹੈ, ਕਿਸਾਨਾਂ ’ਤੇ ਸੰਭਾਵੀ ਆਰਥਿਕ ਪ੍ਰਭਾਵ ਬਾਰੇ ਚਿੰਤਾਵਾਂ ਵਧ ਰਹੀਆਂ ਹਨ। ਇਸ ਕਾਰਨ ਹੋਏ ਨੁਕਸਾਨ ਦਾ ਅਗਲੇ ਹਫ਼ਤੇ ਤੱਕ ਨਿਪਟਾਰਾ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8