ਕੇਂਦਰੀ ਬਜਟ ਅੱਜ, ਉਦਯੋਗ ਜਗਤ ਦੀਆਂ ਨਜ਼ਰਾਂ ਰਿਆਇਤਾਂ ’ਤੇ ਟਿਕੀਆਂ
Tuesday, Jul 23, 2024 - 09:50 AM (IST)
ਜਲੰਧਰ (ਧਵਨ) - ਮੋਦੀ ਸਰਕਾਰ ਵੱਲੋਂ 23 ਜੁਲਾਈ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ ਤੇ ਉਦਯੋਗ ਜਗਤ ਦੀਆਂ ਨਜ਼ਰਾਂ ਲੋਕ ਸਭਾ ’ਚ ਪੇਸ਼ ਕੀਤੇ ਜਾਣ ਵਾਲੇ ਬਜਟ ’ਤੇ ਟਿਕੀਆਂ ਹੋਈਆਂ ਹਨ |
ਪੰਜਾਬ ਦੇ ਉਦਯੋਗਪਤੀ ਇਸ ਗੱਲ ’ਤੇ ਨਜ਼ਰ ਟਿਕਾਈ ਬੈਠੇ ਹਨ ਕਿ ਬਜਟ ’ਚ ਉਦਯੋਗਾਂ ਲਈ ਕੀ-ਕੀ ਐਲਾਨ ਕੀਤੇ ਜਾਣਗੇ। ਅੱਜ ਸੰਸਦ ਵਿਚ ਪੇਸ਼ ਕੀਤੀ ਗਈ ਆਰਥਿਕ ਰਿਪੋਰਟ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਸੰਸਾਰਕ ਹਾਲਾਤ ਫਿਲਹਾਲ ਬਹੁਤੇ ਅਨੁਕੂਲ ਨਹੀਂ ਹਨ। ਇਸ ਸਬੰਧੀ ਕੁਝ ਉੱਦਮੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਦੇ ਵਿਚਾਰ ਇਸ ਪ੍ਰਕਾਰ ਸਨ:
ਸਰਕਾਰ ਬਰਾਮਦਕਾਰਾਂ ਨੂੰ ਪੁਰਾਣੀਆਂ ਰਿਆਇਤਾਂ ਬਹਾਲ ਕਰੇ : ਸੁਰੇਸ਼ ਸ਼ਰਮਾ (ਫੋਟੋ ਨੰ. 22 ਧਵਨ 4)
ਉੱਘੇ ਬਰਾਮਦਕਾਰ ਸੁਰੇਸ਼ ਸ਼ਰਮਾ ਨੇ ਕਿਹਾ ਕਿ ਬਜਟ ਵਿਚ ਕੇਂਦਰ ਸਰਕਾਰ ਨੂੰ ਬਰਾਮਦਕਾਰਾਂ ਲਈ ਪੁਰਾਣੀਆਂ ਰਿਆਇਤਾਂ ਬਹਾਲ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਹੁਣ ਸਮਾਂ ਆ ਗਿਆ ਹੈ ਜਦੋਂ ਛੋਟੇ ਉੱਦਮੀਆਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਮਾਂ ਬਹੁਤ ਔਖਾ ਆ ਰਿਹਾ ਹੈ ਅਤੇ ਉਦਯੋਗਾਂ ਨੂੰ ਆਪਣੀ ਹੋਂਦ ਲਈ ਸੰਘਰਸ਼ ਦੇ ਦੌਰ ਵਿਚੋਂ ਲੰਘਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਮੰਗ ਮੁੜ ਨਹੀਂ ਵਧ ਰਹੀ ਹੈ।
ਗਲੋਬਲ ਸਥਿਤੀ ਅਨਿਸ਼ਚਿਤ : ਵਿਨੋਦ ਘਈ
ਯੂਨੀਕ ਮੈਨੂਫੈਕਚਰਿੰਗ ਦੇ ਚੇਅਰਮੈਨ ਵਿਨੋਦ ਘਈ ਨੇ ਕਿਹਾ ਹੈ ਕਿ ਆਲਮੀ ਸਥਿਤੀ ਅਨਿਸ਼ਚਿਤ ਬਣੀ ਹੋਈ ਹੈ ਤੇ ਇਹ ਕਹਿਣਾ ਮੁਸ਼ਕਿਲ ਹੈ ਕਿ ਸਥਿਤੀ ਆਮ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਹਰ ਪਲ ਹਾਲਾਤ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿਚ ਕੇਂਦਰ ਸਰਕਾਰ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਪਵੇਗੀ ਕਿ ਸਾਨੂੰ ਅਜਿਹੀਆਂ ਨੀਤੀਆਂ ਲਿਆਉਣੀਆਂ ਚਾਹੀਦੀਆਂ ਹਨ, ਜਿਸ ਨਾਲ ਵਿਸ਼ਵ ਦੇ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਭਾਰਤ ਦੀ ਸਥਿਤੀ ’ਤੇ ਕੋਈ ਅਸਰ ਨਾ ਪਵੇ।
ਉਨ੍ਹਾਂ ਕਿਹਾ ਕਿ ਘਰੇਲੂ ਉਦਯੋਗਾਂ ਨੂੰ ਬਚਾਉਣ ਲਈ ਸਰਕਾਰ ਨੂੰ ਵੀ ਪਹਿਲਕਦਮੀ ਕਰਨੀ ਪਵੇਗੀ ਕਿਉਂਕਿ ਇਸ ਸਮੇਂ ਘਰੇਲੂ ਮੰਗ ਵਿਚ ਵੀ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ।
ਲੈਦਰ ਉਦਯੋਗ ਨੂੰ ਮਿਲੇਗਾ ਰਾਹਤ ਪੈਕੇਜ
ਲੈਦਰ ਉਦਯੋਗ ਨਾਲ ਜੁੜੇ ਨੌਜਵਾਨ ਉੱਦਮੀਆਂ ਰਘੂ ਅਰੋੜਾ ਤੇ ਕੇਸ਼ਵ ਕੁਮਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੈਦਰ ਉਦਯੋਗ ਨੂੰ ਬਜਟ ’ਚ ਰਾਹਤ ਪੈਕੇਜ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਸਮੇਂ ਲੈਦਰ ਉਦਯੋਗ ਵਿਚ ਮਜ਼ਦੂਰਾਂ ਨੂੰ ਕਾਫੀ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਨਾਜ਼ੁਕ ਬਣੇ ਹੋਏ ਹਨ ਅਤੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਦੁਨੀਆ ਦੇ ਹਾਲਾਤ ਅਨੁਕੂਲ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਉਦਯੋਗ ਨੂੰ ਨੁਕਸਾਨ ਉਠਾਉਣਾ ਪਵੇਗਾ।