ਭਾਰਤ ਹੋਇਆ ਅਨਲਾਕ ਤਾਂ ਤੇਜ਼ੀ ਨਾਲ ਘਟੀ ਬੇਰੋਜ਼ਗਾਰੀ ਦਰ, 14 ਜੂਨ ਤੱਕ 11.63 ਫੀਸਦੀ ''ਤੇ ਆਈ

06/16/2020 9:05:39 PM

ਨਵੀਂ ਦਿੱਲੀ (ਇੰਟ) -ਕੋਰੋਨਾ ਮਹਾਮਾਰੀ ਕਾਰਣ 25 ਮਾਰਚ ਤੋਂ 31 ਮਈ ਤੱਕ ਚਲੇ ਲਾਕਡਾਊਨ ਤੋਂ ਬਾਅਦ ਭਾਰਤ ਜਿਵੇਂ ਹੀ ਅਨਲਾਕ ਹੋਇਆ ਜੂਨ ਦੇ ਦੂਜੇ ਹਫਤੇ 'ਚ ਹੈਰਾਨੀਜਨਕ ਰੂਪ ਨਾਲ ਬੇਰੋਜ਼ਗਾਰੀ ਦਰ 'ਚ ਕਮੀ ਆ ਗਈ। ਰਾਸ਼ਟਰੀ ਬੇਰੋਜ਼ਗਾਰੀ ਦਰ 14 ਜੂਨ ਨੂੰ ਖਤਮ ਹਫਤੇ 'ਚ 11.63 ਫੀਸਦੀ ਤੱਕ ਤੇਜ਼ੀ ਨਾਲ ਡਿੱਗ ਗਈ। ਇਹ ਅੰਕੜਾ ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕਾਨਮੀ (ਸੀ. ਐੱਮ. ਆਈ. ਈ.) ਵੱਲੋਂ ਇਕ ਸਰਵੇ ਤੋਂ ਮਿਲਿਆ ਹੈ।

22 ਮਾਰਚ ਨੂੰ ਦੇਸ਼ 'ਚ ਬੇਰੋਜ਼ਗਾਰੀ ਦਰ 8.41 ਫੀਸਦੀ ਸੀ, ਜੋ ਕੋਰੋਨਾ ਮਹਾਮਾਰੀ ਕਾਰਣ ਲਾਕਡਾਊਨ 'ਚ 5 ਅਪ੍ਰੈਲ ਨੂੰ ਵਧ ਕੇ 23.38 ਫੀਸਦੀ ਹੋ ਗਈ। ਉਥੇ ਹੀ 11 ਮਈ ਨੂੰ ਇਹ 24.0 ਫੀਸਦੀ 'ਤੇ ਪਹੁੰਚ ਗਈ। ਹੁਣ ਜਦੋਂ ਲਾਕਡਾਊਨ 'ਚ ਵੱਡੀ ਸਾਰੀ ਢਿੱਲ ਦੇ ਦਿੱਤੀ ਗਈ ਤਾਂ ਇਹ ਘੱਟ ਕੇ 11.63 'ਤੇ ਆ ਗਈ ਹੈ। ਜੇਕਰ ਸ਼ਹਿਰੀ ਖੇਤਰ ਦੀ ਗੱਲ ਕਰੀਏ ਤਾਂ 22 ਮਾਰਚ ਨੂੰ ਬੇਰੋਜ਼ਗਾਰੀ ਦਰ 8.66 ਫੀਸਦੀ ਸੀ, ਜੋ 5 ਅਪ੍ਰੈਲ ਨੂੰ ਵਧ ਕੇ 30.93 ਫੀਸਦੀ 'ਤੇ ਪਹੁੰਚ ਗਈ ਸੀ। ਉਥੇ ਹੀ ਇਹ 17 ਮਈ ਨੂੰ 26.95 ਫੀਸਦੀ ਸੀ, ਜਦੋਂਕਿ 14 ਜੂਨ ਨੂੰ ਇਹ ਡਿੱਗ ਕੇ 13.10 ਰਹਿ ਗਈ ਹੈ।

ਜਿੱਥੋਂ ਤੱਕ ਪੇਂਡੂ ਖੇਤਰ ਦੀ ਗੱਲ ਕਰੀਏ ਤਾਂ 22 ਮਾਰਚ ਨੂੰ ਇਹ 8.29 ਫੀਸਦੀ ਸੀ ਅਤੇ 5 ਅਪ੍ਰੈਲ ਤੱਕ ਆਉਂਦੇ-ਆਉਂਦੇ 20.21 'ਤੇ ਪਹੁੰਚ ਗਈ। ਲਾਕਡਾਊਨ ਦਾ ਅਸਰ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ 'ਚ ਥੋੜ੍ਹਾ ਘੱਟ ਰਿਹਾ ਅਤੇ 17 ਮਈ ਨੂੰ ਬੇਰੋਜ਼ਗਾਰੀ ਦਰ 22.79 ਫੀਸਦੀ 'ਤੇ ਪਹੁੰਚ ਗਈ, ਜਦੋਂਕਿ ਇਸ ਦੌਰਾਨ ਸ਼ਹਿਰੀ ਖੇਤਰ 'ਚ ਬੇਰੋਜ਼ਗਾਰੀ ਦਰ 26.95 ਫੀਸਦੀ ਸੀ। ਹੁਣ 14 ਜੂਨ ਨੂੰ ਇਹ ਡਿੱਗ ਕੇ 10.96 ਫੀਸਦੀ 'ਤੇ ਆ ਗਈ ਹੈ।

ਇਸ ਮਾਮਲੇ 'ਚ ਇੰਸਟੀਚਿਊਟ ਆਫ ਇਕਾਨਮਿਕ ਗ੍ਰੋਥ 'ਚ ਅਰਥਸ਼ਾਸਤਰ ਦੇ ਪ੍ਰੋਫੈਸਰ ਅਰੂਪ ਮਿਤਰਾ ਕਹਿੰਦੇ ਹਨ ਕਿ ਜੋ ਲੋਕ ਪਹਿਲਾਂ ਮਜ਼ਦੂਰੀ ਕਰਦੇ ਸਨ, ਉਹ ਹੁਣ ਪਿੰਡਾਂ 'ਚ ਚਲੇ ਗਏ ਹਨ ਅਤੇ ਹੁਣ ਜਾਂ ਤਾਂ ਆਮ ਕੰਮ ਜਾਂ ਖੇਤੀਬਾੜੀ ਕਾਰਜ 'ਚ ਹਨ। ਮਹੀਨਾਵਾਰ ਤਨਖਾਹ ਜਾਂ ਆਫਿਸ ਸਪੋਰਟ ਸਟਾਫ ਵਾਲੇ ਡਰਾਈਵਰ, ਜੋ ਨੌਕਰੀ ਛੁੱਟਣ ਅਤੇ ਤਨਖਾਹ ਦੇ ਨੁਕਸਾਨ ਕਾਰਣ ਵਾਪਸ ਚਲੇ ਗਏ ਹਨ, ਉਹ ਰੋਜ਼ਗਾਰ ਵਾਲਿਆਂ ਦੇ ਰੂਪ 'ਚ ਗਿਣੇ ਤਾਂ ਜਾਣਗੇ ਪਰ ਤਕਨੀਕੀ ਰੂਪ ਨਾਲ ਉਨ੍ਹਾਂ ਨੂੰ ਨਿਯੋਜਿਤ ਕਿਹਾ ਜਾਵੇਗਾ।


Karan Kumar

Content Editor

Related News