UAE ਦੀ ਕੰਪਨੀ IHC ਨੇ ਅਡਾਨੀ ਗਰੁੱਪ 'ਤੇ ਜਤਾਇਆ ਭਰੋਸਾ, FPO 'ਚ ਕੀਤਾ 40 ਕਰੋੜ ਦਾ ਨਿਵੇਸ਼
Tuesday, Jan 31, 2023 - 03:03 PM (IST)
ਬਿਜ਼ਨੈੱਸ ਡੈਸਕ- ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਦੇ ਵਿਚਕਾਰ ਆਬੂ ਧਾਬੀ ਸਥਿਤ ਕੰਪਨੀ ਇੰਟਰਨੈਸ਼ਨਲ ਹੋਲਡਿੰਗ ਕੰਪਨੀ (ਆਈ.ਐੱਚ.ਸੀ.) ਨੇ ਅਡਾਨੀ ਗਰੁੱਪ ਦੇ ਅਡਾਨੀ ਇੰਟਰਪ੍ਰਾਈਜਿਜ਼ ਦੇ ਜਨਤਕ ਨਿਰਗਮ (ਐੱਫ.ਪੀ.ਓ) 'ਚ 40 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ। ਆਈ.ਐੱਚ.ਸੀ ਨੇ ਸੋਮਵਾਰ ਨੂੰ ਇੱਕ ਬਿਆਨ 'ਚ ਦੱਸਿਆ ਕਿ ਇਸ ਐੱਫ.ਪੀ.ਓ 'ਚ ਨਿਵੇਸ਼ ਉਸ ਨੇ ਆਪਣੀ ਸਹਾਇਕ ਕੰਪਨੀ ਗ੍ਰੀਨ ਟ੍ਰਾਂਸਮਿਸ਼ਨ ਇਨਵੈਸਟਮੈਂਟ ਹੋਲਡਿੰਗ ਆਰ.ਐੱਸ.ਸੀ ਲਿਮਟਿਡ ਦੁਆਰਾ ਕੀਤਾ ਹੈ।
ਅਮਰੀਕੀ ਵਿੱਤੀ ਖੋਜ ਕੰਪਨੀ ਹਿੰਡਨਬਰਗ ਰਿਸਰਚ ਨੇ ਆਪਣੀ ਇਕ ਰਿਪੋਰਟ 'ਚ ਅਡਾਨੀ ਸਮੂਹ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਸਮੂਹ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਭਾਰੀ ਗਿਰਾਵਟ ਆਈ ਹੈ। ਹਿੰਡਨਬਰਗ ਦੀ ਰਿਪੋਰਟ ਅਡਾਨੀ ਐਂਟਰਪ੍ਰਾਈਜ਼ਿਜ਼ ਦੁਆਰਾ 20,000 ਕਰੋੜ ਰੁਪਏ ਦੀ ਫਾਲੋ-ਆਨ ਪਬਲਿਕ ਪੇਸ਼ਕਸ਼ (ਐੱਫ.ਪੀ.ਓ) ਲਿਆਉਣ ਤੋਂ ਪਹਿਲਾਂ ਆਈ ਹੈ। ਐੱਫ.ਪੀ.ਓ. ਮੰਗਲਵਾਰ ਨੂੰ ਬੰਦ ਹੋਵੇਗਾ।
ਆਈ.ਐੱਚ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਸਈਦ ਬਾਸਰ ਸ਼ੋਏਬ ਨੇ ਕਿਹਾ, “ਅਡਾਨੀ ਗਰੁੱਪ 'ਚ ਸਾਡੀ ਦਿਲਚਸਪੀ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਦੇ ਬੁਨਿਆਦੀ ਸਿਧਾਂਤਾਂ 'ਚ ਸਾਡਾ ਭਰੋਸਾ ਅਤੇ ਵਿਸ਼ਵਾਸ ਹੈ। ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ, ਅਸੀਂ ਵਿਕਾਸ ਦੀ ਮਜ਼ਬੂਤ ਸੰਭਾਵਨਾ ਅਤੇ ਸਾਡੇ ਸ਼ੇਅਰਧਾਰਕਾਂ ਲਈ ਵਧੇਰੇ ਮੁੱਲ ਦੇਖਣ ਨੂੰ ਮਿਲ ਰਿਹਾ ਹੈ।"