ਸਰਕਾਰ ਬਾਈਕ ਖਰੀਦਦਾਰਾਂ ਨੂੰ ਦੇਣ ਜਾ ਰਹੀ ਹੈ ਇਹ ਵੱਡੀ ਖ਼ੁਸ਼ਖ਼ਬਰੀ
Wednesday, Aug 26, 2020 - 10:11 PM (IST)

ਨਵੀਂ ਦਿੱਲੀ— ਸਕੂਟਰ-ਮੋਟਰਸਾਈਕਲ ਖਰੀਦਣ ਦੀ ਸੋਚ ਰਹੇ ਹੋ ਤਾਂ ਤਿਉਹਾਰੀ ਮੌਮਸ ਤੋਂ ਪਹਿਲਾਂ ਤੁਹਾਨੂੰ ਵੱਡੀ ਖ਼ੁਸ਼ਖ਼ਬਰੀ ਮਿਲ ਸਕਦੀ ਹੈ। ਕੋਵਿਡ-19 ਮਹਾਮਾਰੀ ਕਾਰਨ ਵਿਸ਼ਵ ਭਰ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਮਾਹੌਲ 'ਚ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਲਈ ਸਰਕਾਰ ਆਟੋ ਸੈਕਟਰ 'ਚ ਛਾਈ ਸੁਸਤੀ ਨੂੰ ਦੂਰ ਕਰਨ ਦਾ ਵੱਡਾ ਐਲਾਨ ਕਰਨ ਜਾ ਰਹੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਦੋਪਹੀਆ ਵਾਹਨਾਂ 'ਤੇ ਜੀ. ਐੱਸ. ਟੀ. ਦਰਾਂ 'ਚ ਕਮੀ ਕੀਤੀ ਜਾ ਸਕਦੀ ਹੈ।
ਸੀਤਾਰਮਨ ਨੇ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਮੰਚ 'ਤੇ ਦੋਪਹੀਆ ਵਾਹਨਾਂ 'ਤੇ ਜੀ. ਐੱਸ. ਟੀ. ਘੱਟ ਕਰਨ ਦੀ ਜ਼ਰੂਰਤ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੂੰ ਕਿਹਾ ਕਿ ਇਹ ਬਿਲਕੁਲ ਚੰਗਾ ਸੁਝਾਅ ਹੈ ਕਿਉਂਕਿ ਦੋਪਹੀਆ ਗੱਡੀ ਨਾ ਤਾਂ ਲਗਜ਼ਰੀ ਹੈ ਅਤੇ ਨਾ ਹੀ ਸਿਗਰੇਟ, ਸ਼ਰਾਬ ਦੀ ਤਰ੍ਹਾਂ ਦਾ ਗਲਤ ਸ਼ੌਂਕ ਹੈ। ਇਸ ਮਾਮਲੇ 'ਤੇ ਜੀ. ਐੱਸ. ਟੀ. ਪ੍ਰੀਸ਼ਦ 'ਚ ਵਿਚਾਰ ਕੀਤਾ ਜਾਵੇਗਾ। ਇਸ ਸਮੇਂ ਦੋਪਹੀਆ ਵਾਹਨਾਂ 'ਤੇ 28 ਫੀਸਦੀ ਜੀ. ਐੱਸ. ਟੀ. ਦਰ ਹੈ।
ਕਦੋਂ ਤੱਕ ਹੋ ਸਕਦਾ ਹੈ ਫ਼ੈਸਲਾ?
ਜੀ. ਐੱਸ. ਟੀ. ਪ੍ਰੀਸ਼ਦ ਦੀ ਬੈਠਕ ਵੀਰਵਾਰ ਯਾਨੀ 27 ਅਗਸਤ ਨੂੰ ਪ੍ਰਸਤਾਵਿਤ ਹੈ, ਜਿਸ 'ਚ ਸੂਬਿਆਂ ਨੂੰ ਮੁਆਵਜ਼ੇ 'ਤੇ ਵਿਚਾਰ ਕੀਤਾ ਜਾਣਾ ਹੈ ਪਰ ਸੂਤਰਾਂ ਨੇ ਕਿਹਾ ਕਿ 17 ਜਾਂ 19 ਸਤੰਬਰ ਨੂੰ ਹੋਣ ਵਾਲੀ ਅਗਲੀ ਫੁਲ ਏਜੰਡਾ ਬੈਠਕ 'ਚ ਦੋਪਹੀਆ ਵਾਹਨਾਂ 'ਤੇ ਜੀ. ਐੱਸ. ਟੀ. ਦੇ ਮੁੱਦੇ 'ਤੇ ਵਿਚਾਰ ਕੀਤਾ ਜਾਵੇਗਾ, ਤਾਂ ਕਿ ਤਿਉਹਾਰੀ ਮੌਸਮ 'ਚ ਇਨ੍ਹਾਂ ਦੀ ਵਿਕਰੀ ਵੱਧ ਸਕੇ। ਇਸ ਤੋਂ ਪਹਿਲਾਂ ਇਹ ਪ੍ਰਸਤਾਵ ਜੀ. ਐੱਸ. ਟੀ. ਫਿਟਮੈਂਟ ਕਮੇਟੀ ਕੋਲ ਜਾਵੇਗਾ, ਜਿਸ ਤੋਂ ਬਾਅਦ ਜੀ. ਐੱਸ. ਟੀ. ਪ੍ਰੀਸ਼ਦ 'ਚ ਇਸ 'ਤੇ ਫ਼ੈਸਲਾ ਹੋਵੇਗਾ।