TVS ਮੋਟਰ ਨੇ ਕਾਮਿਆਂ ਦੀ ਤਨਖਾਹ 'ਚੋਂ ਕੀਤੀ ਅਸਥਾਈ ਕਟੌਤੀ
Tuesday, May 26, 2020 - 12:56 PM (IST)
ਨਵੀਂ ਦਿੱਲੀ (ਭਾਸ਼ਾ) : ਟੀ.ਵੀ.ਐੱਸ. ਮੋਟਰ ਕੰਪਨੀ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ 6 ਮਹੀਨੇ ਦੀ ਮਿਆਦ ਲਈ ਆਪਣੇ ਕਾਮਿਆਂ ਦੀ ਤਨਖਾਹ ਵਿਚੋਂ 20 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਹੈ। ਕੰਪਨੀ ਨੇ ਇਸ ਸਾਲ ਮਈ ਤੋਂ ਅਕਤੂਬਰ ਤੱਕ ਸ਼ੁਰੂਆਤੀ ਪੱਧਰ ਦੇ ਕਾਮਿਆਂ ਨੂੰ ਛੱਡ ਕੇ ਕਾਰਜਕਾਰੀ ਪੱਧਰ 'ਤੇ ਤਨਖਾਹ ਕਟੌਤੀ ਦਾ ਫੈਸਲਾ ਕੀਤਾ ਹੈ।
ਟੀ.ਵੀ.ਐੱਸ. ਮੋਟਰ ਕੰਪਨੀ ਦੇ ਇਕ ਬੁਲਾਰੇ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ, '' ਸੰਕਟ ਦੇ ਮੱਦੇਨਜ਼ਰ ਕੰਪਨੀ ਨੇ 6 ਮਹੀਨੇ (ਮਈ ਤੋਂ ਅਕਤੂਬਰ 2020) ਲਈ ਵੱਖ-ਵੱਖ ਪੱਧਰਾਂ 'ਤੇ ਤਨਖਾਹ ਵਿਚ ਅਸਥਾਈ ਕਟੌਤੀ ਕੀਤੀ ਹੈ। ਬੁਲਾਰੇ ਨੇ ਕਿਹਾ ਕਿ ਲੇਬਰ ਪੱਧਰ 'ਤੇ ਕੰਮ ਕਰਨ ਵਾਲਿਆਂ ਦੀ ਤਨਖਾਹ ਵਿਚ ਕੋਈ ਕਟੌਤੀ ਨਹੀਂ ਹੋਵੇਗੀ। ਜਦਕਿ ਸੀਨੀਅਰ ਕਾਰਜਕਾਰੀ ਪੱਧਰ 'ਤੇ 15 ਤੋਂ 20 ਫ਼ੀਸਦੀ ਅਤੇ ਜੂਨੀਅਰ ਕਾਰਜਕਾਰੀ ਪੱਧਰ 'ਤੇ 5 ਫ਼ੀਸਦੀ ਤੱਕ ਤਨਖਾਹ ਕਟੌਤੀ ਹੋਵੇਗੀ। ਟੀ.ਵੀ.ਐੱਸ. ਮੋਟਰ ਕੰਪਨੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਦੋ-ਪਹੀਆ ਕੰਪਨੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਦੱਸਿਆ ਸੀ ਕਿ ਉਸ ਨੇ 6 ਮਈ ਨੂੰ ਦੇਸ਼ ਭਰ ਵਿਚ ਆਪਣੇ ਸਾਰੇ ਨਿਰਮਾਣ ਪਲਾਂਟਾਂ ਵਿਚ ਸੰਚਾਲਨ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੇ 4 ਨਿਰਮਾਣ ਪਲਾਂਟ ਹਨ। ਇਨ੍ਹਾਂ ਵਿਚੋਂ 3 ਭਾਰਤ ਵਿਚ (ਤਮਿਲਨਾਡੂ 'ਚ ਹੋਸੁਰ, ਕਰਨਾਟਕ ਵਿਚ ਮੈਸੂਰ ਅਤੇ ਹਿਮਾਚਲ ਪ੍ਰਦੇਸ਼ ਵਿਚ ਨਾਲਾਗੜ੍ਹ) ਹਨ ਅਤੇ 1 ਇੰਡੋਨੇਸ਼ੀਆ ਦੇ ਕਾਰਵਾਂਗ ਵਿਚ ਹੈ।