ਟਰੱਕ ਡਰਾਈਵਰਾਂ ਲਈ ਨਿਤਿਨ ਗਡਕਰੀ ਦਾ ਵੱਡਾ ਐਲਾਨ, ਜਲਦ ਕੈਬਿਨ 'ਚ AC ਹੋਵੇਗਾ ਲਾਜ਼ਮੀ

06/20/2023 2:26:21 PM

ਨਵੀਂ ਦਿੱਲੀ - ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਗਰਮੀਆਂ ਦੇ ਮੌਸਮ 'ਚ ਟਰੱਕ ਡਰਾਈਵਰਾਂ ਨੂੰ ਰਾਹਤ ਦਵਾਉਣ ਲਈ ਵੱਡਾ ਐਲਾਨ ਕੀਤਾ ਹੈ। ਨਿਤਿਨ ਗਡਕਰੀ ਨੇ ਇੱਕ ਪ੍ਰੋਗਰਾਮ ਦੌਰਾਨ ਟਰੱਕ ਦੇ ਕੈਬਿਨ ਨੂੰ ਏਅਰ ਕੰਡੀਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਬਹੁਤ ਜਲਦੀ ਟਰੱਕ ਡਰਾਈਵਰਾਂ ਦੇ ਕੈਬਿਨਾਂ ਵਿੱਚ ਏਅਰ ਕੰਡੀਸ਼ਨ ਹੋਣਾ ਲਾਜ਼ਮੀ ਕਰ ਦਿੱਤਾ ਜਾਵੇਗਾ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿੱਚ ਟਰਾਂਸਪੋਰਟ ਸੈਕਟਰ ਵਿੱਚ ਡਰਾਈਵਰ ਦੀ ਸਭ ਤੋਂ ਵੱਡੀ ਭੂਮਿਕਾ ਹੈ। ਭਾਰਤ ਵਿੱਚ ਟਰਾਂਸਪੋਰਟ ਸੈਕਟਰ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਕਿਉਂਕਿ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਿੱਚੋਂ ਇੱਕ ਹੈ ਅਤੇ ਅਜਿਹੇ ਵਿੱਚ ਟਰਾਂਸਪੋਰਟ ਸੈਕਟਰ ਵੱਲ ਧਿਆਨ ਦੇਣਾ ਲਾਜ਼ਮੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਟਰੱਕ ਡਰਾਈਵਰਾਂ ਦੇ ਕੰਮਕਾਜੀ ਹਾਲਾਤ ਅਤੇ ਸਹੂਲਤਾਂ ਬਾਰੇ ਧਿਆਨ ਦੇਣਾ ਜ਼ਰੂਰੀ ਹੈ। 

ਇਹ ਵੀ ਪੜ੍ਹੋ : ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਅੱਜ ਤੋਂ ਸ਼ੁਰੂ ਹੋਵੇਗੀ ਗੋਲਡ ਬਾਂਡ ਦੀ ਵਿਕਰੀ

'ਦੇਸ਼ ਚਾਲਕ' ਪੁਸਤਕ ਦਾ ਉਦਘਾਟਨ 

ਦੱਸ ਦੇਈਏ ਕਿ ਨਿਤਿਨ ਗਡਕਰੀ ਨੇ 'ਦੇਸ਼ ਚਾਲਕ' ਨਾਮ ਦੀ ਕਿਤਾਬ ਦੇ ਉਦਘਾਟਨ ਸਮਾਰੋਹ ਦੌਰਾਨ ਇਹ ਐਲਾਨ ਕੀਤਾ। ਇਹ ਕਿਤਾਬ ਭਾਰਤੀ ਡਰਾਈਵਰਾਂ ਨੂੰ ਸਨਮਾਨ ਦੇਣ ਲਈ ਲਿਖੀ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਟਰੱਕ ਡਰਾਈਵਰ ਅੱਤ ਦੀ ਗਰਮੀ ਵਿੱਚ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਹ ਟਰੱਕ ਡਰਾਈਵਰਾਂ ਲਈ ਏਅਰ ਕੰਡੀਸ਼ਨਡ ਕੈਬਿਨਾਂ ਸਬੰਧੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਨਿਤਿਨ ਗਡਕਰੀ ਨੇ ਕਿਹਾ ਕਿ ਕੁਝ ਲੋਕਾਂ ਨੇ ਕਿਹਾ ਕਿ ਇਸ ਨਾਲ ਲਾਗਤ ਵਧੇਗੀ। ਪਰ ਇੱਥੇ ਆਉਣ ਤੋਂ ਪਹਿਲਾਂ ਮੈਂ ਫਾਈਲ 'ਤੇ ਦਸਤਖਤ ਕਰ ਦਿੱਤੇ ਹਨ ਕਿ ਹੁਣ ਤੋਂ ਟਰੱਕਾਂ ਦੇ ਡਰਾਈਵਰ ਕੈਬਿਨ ਏਅਰ ਕੰਡੀਸ਼ਨਡ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਡਰਾਈਵਰਾਂ ਦੇ ਕੰਮਕਾਜ ਦੀ ਸਥਿਤੀ ਵਿੱਚ ਸੁਧਾਰ ਕਰਨ ਦੀ ਲੋੜ ਹੈ ਅਤੇ ਹੋਰ ਡਰਾਈਵਿੰਗ ਸਕੂਲ ਸਥਾਪਤ ਕਰਕੇ ਡਰਾਈਵਰਾਂ ਦੀ ਘਾਟ ਨੂੰ ਦੂਰ ਕਰਨ ਲਈ ਵੀ ਕਦਮ ਚੁੱਕਣ ਦੀ ਲੋੜ ਹੈ।

ਇਹ ਵੀ ਪੜ੍ਹੋ : Pak ਦੇ ਅਰਥਚਾਰੇ ਨੂੰ ਵੱਡਾ ਝਟਕਾ, 11 ਮਹੀਨਿਆਂ 'ਚ ਹੋਇਆ 7.15 ਬਿਲੀਅਨ ਡਾਲਰ ਦਾ ਨੁਕਸਾਨ

ਲੌਜਿਸਟਿਕਸ ਲਾਗਤ ਨੂੰ ਘਟਾਉਣਾ ਜ਼ਰੂਰੀ 

ਉਨ੍ਹਾਂ ਅੱਗੇ ਦੱਸਿਆ ਕਿ ਡਰਾਈਵਰਾਂ ਦੀ ਘਾਟ ਕਾਰਨ ਭਾਰਤ ਵਿੱਚ ਡਰਾਈਵਰ 14-16 ਘੰਟੇ ਕੰਮ ਕਰਦੇ ਹਨ। ਜਦੋਂ ਕਿ ਦੂਜੇ ਦੇਸ਼ਾਂ ਵਿੱਚ ਟਰੱਕ ਡਰਾਈਵਰਾਂ ਦੇ ਕੰਮ ਦੇ ਘੰਟੇ ਨਿਸ਼ਚਿਤ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ, ਅਜਿਹੀ ਸਥਿਤੀ ਵਿੱਚ ਲੌਜਿਸਟਿਕ ਸੈਕਟਰ ਬਹੁਤ ਮਹੱਤਵਪੂਰਨ ਹੈ ਅਤੇ ਭਾਰਤ ਦੇ ਨਿਰਯਾਤ ਨੂੰ ਵਧਾਉਣ ਲਈ ਲੌਜਿਸਟਿਕਸ ਦੀ ਲਾਗਤ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ।

ਨਿਤਿਨ ਗਡਕਰੀ ਨੇ ਅੱਗੇ ਕਿਹਾ ਕਿ ਸਾਡੀ ਲੌਜਿਸਟਿਕਸ ਲਾਗਤ ਦੂਜੇ ਦੇਸ਼ਾਂ ਦੇ ਮੁਕਾਬਲੇ 14-16 ਫੀਸਦੀ ਹੈ। ਚੀਨ ਵਿੱਚ ਲੌਜਿਸਟਿਕਸ ਲਾਗਤ 8-10 ਪ੍ਰਤੀਸ਼ਤ ਹੈ। ਯੂਰਪੀ ਦੇਸ਼ਾਂ ਵਿਚ ਇਹ 12 ਫੀਸਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਸੀਂ ਵੀ ਆਪਣੀ ਬਰਾਮਦ ਵਧਾਉਣੀ ਹੈ ਤਾਂ ਲੌਜਿਸਟਿਕ ਲਾਗਤ ਨੂੰ ਘਟਾਉਣਾ ਹੋਵੇਗਾ।

ਇਹ ਵੀ ਪੜ੍ਹੋ : 1 ਜੁਲਾਈ ਤੋਂ 24 ਫੁੱਟਵੀਅਰ ਉਤਪਾਦਾਂ ਲਈ ਲਾਗੂ ਹੋਣਗੇ ਗੁਣਵੱਤਾ ਮਾਪਦੰਡ : BIS

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News