ਤਾਜ ਮਹਿਲ ਦੇਖਣ ਪੁੱਜੇ ਸੈਲਾਨੀ ਰਹਿ ਗਏ ਹੱਕੇ-ਬੱਕੇ, ਹੋਟਲਾਂ ਨੇ ਕੱਢੀ ਭੜਾਸ

03/18/2020 3:07:42 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਤਾਜ ਮਹਿਲ ਅਚਾਨਕ ਬੰਦ ਹੋਣ ਨਾਲ ਮੰਗਲਵਾਰ ਨੂੰ ਉਸ ਦੇ ਦੀਦਾਰ ਲਈ ਪੁੱਜੇ ਟੂਰਿਸਟ ਹੱਕੇ-ਬੱਕੇ ਰਹਿ ਗਏ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਤਾਜ ਮਹਿਲ 31 ਮਾਰਚ ਤੋਂ ਪਹਿਲਾਂ ਟੂਰਿਸਟਾਂ ਲਈ ਨਹੀਂ ਖੁੱਲ੍ਹੇਗਾ। ਉੱਥੇ ਹੀ, ਆਗਰਾ ਦੀਆਂ ਟੂਰ ਏਜੰਸੀਆਂ ਅਤੇ ਹੋਟਲ ਮਾਲਕਾਂ ਨੇ ਇਸ 'ਤੇ ਨਿਰਾਸ਼ਾ ਜਤਾਈ ਤੇ ਇਸ ਅਚਾਨਕ ਹੋਏ ਫੈਸਲੇ 'ਤੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਤਾਜ ਮਹਿਲ ਨੂੰ ਅਚਾਨਕ ਬੰਦ ਕਰਨ ਦਾ ਫੈਸਲਾ ਸਹੀ ਨਹੀਂ ਸੀ। ਇਕ ਹਫਤੇ ਪਹਿਲਾਂ ਜਾਣਕਾਰੀ ਦੇਣੀ ਚਾਹੀਦੀ ਸੀ।

ਉਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਮੰਗਲਵਾਰ ਨੂੰ ਪੈਲੇਸ ਆਨ ਵ੍ਹੀਲ ਤੋਂ ਆਗਰਾ ਪੁੱਜੇ ਕਈ ਸੈਲਾਨੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਤਾਜ ਮਹਿਲ ਬੰਦ ਹੋਣ ਕਾਰਨ ਉਨ੍ਹਾਂ ਨੂੰ ਦੂਰੋਂ ਹੀ ਇਸ ਦੇ ਦੀਦਾਰ ਕਰਵਾਉਣੇ ਪਏ।

ਤਾਜ ਮਹਿਲ ਬੰਦ ਹੋਣ ਨਾਲ ਜੋ ਵਿਦੇਸ਼ੀ ਪਹਿਲਾਂ ਭਾਰਤ 'ਚ ਹਨ ਉਨ੍ਹਾਂ ਨੂੰ ਇਸ ਨਾਲ ਵੱਡਾ ਝਟਕਾ ਲੱਗਾ ਹੈ। ਇਥੋਂ ਤੱਕ ਕਿ ਹੋਟਲਾਂ ਦੀ ਐਡਵਾਂਸ ਬੁਕਿੰਗ ਵੀ ਰੱਦ ਹੋ ਰਹੀ ਹੈ। ਹੋਟਲਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਬਾਰੇ ਹਫਤੇ ਪਹਿਲਾਂ ਸੂਚਨਾ ਜਾਰੀ ਕਰਨੀ ਚਾਹੀਦੀ ਸੀ, ਤਾਂ ਕਿ ਵਿਦੇਸ਼ੀ ਟੂਰਿਸਟ ਆਗਰਾ ਆਉਂਦੇ ਹੀ ਨਾ। ਇਕ ਹੋਟਲ ਵਾਲੇ ਨੇ ਕਿਹਾ ਕਿ ਉਨ੍ਹਾਂ ਦੇ ਹੋਟਲ 'ਚ ਨਿਊਜ਼ੀਲੈਂਡ, ਪੋਲੈਂਡ, ਫਰਾਂਸ ਅਤੇ ਕੈਨੇਡਾ ਦੇ ਇਕ ਦਰਜਨ ਸੈਲਾਨੀ ਥੋੜ੍ਹੇ ਦਿਨ ਪਹਿਲਾਂ ਹੀ ਆਏ ਹਨ ਅਤੇ ਉਨ੍ਹਾਂ ਜਦੋਂ ਤਾਜ ਮਹਿਲ ਬੰਦ ਹੋਣ ਦੀ ਜਾਣਕਾਰੀ ਦਿੱਤੀ ਗਈ ਤਾਂ ਉਹ ਕਾਫੀ ਨਿਰਾਸ਼ ਹੋਏ।
ਪੁਰਾਤੱਤਵ ਵਿਭਾਗ ਦੇ ਇਕ ਸਾਬਕਾ ਮੈਂਬਰ ਮੁਤਾਬਕ, ਇਸ ਤੋਂ ਪਹਿਲਾਂ ਤਾਜ ਮਹਿਲ ਨੂੰ 1971 'ਚ ਭਾਰਤ-ਪਾਕਿਸਤਾਨ ਯੁੱਧ ਦੌਰਾਨ 15 ਦਿਨ ਲਈ ਅਤੇ 1978 'ਚ ਵੀ ਭਿਆਨਕ ਹੜ੍ਹ ਕਾਰਨ ਇਕ ਹਫਤੇ ਲਈ ਸੈਲਾਨੀਆਂ ਲਈ ਬੰਦ ਕੀਤਾ ਜਾ ਚੁੱਕਾ ਹੈ।


Related News