ਟੂਰਿਸਟਾਂ ਲਈ ਨਵਾਂ ਨਿਯਮ, ਮਹਿੰਗਾ ਪੈ ਸਕਦੈ ਭੂਟਾਨ ਦਾ ਹਾਲੀਡੇ ਪਲਾਨ
Wednesday, Feb 05, 2020 - 03:45 PM (IST)

ਨਵੀਂ ਦਿੱਲੀ/ਥਿੰਪੂ— ਜਲਦ ਹੀ ਤੁਹਾਨੂੰ ਭੂਟਾਨ ਦਾ ਹਾਲੀਡੇ ਪਲਾਨ ਕਾਫੀ ਮਹਿੰਗਾ ਪੈਣ ਵਾਲਾ ਹੈ। ਭੂਟਾਨ ਦੇ ਹੇਠਲੇ ਸਦਨ ਨੇ ਸੋਮਵਾਰ ਨੂੰ ਇਕ ਕਾਨੂੰਨ ਪਾਸ ਕੀਤਾ ਹੈ, ਜਿਸ 'ਚ ਭਾਰਤ, ਬੰਗਲਾਦੇਸ਼ ਤੇ ਮਾਲਦੀਵ ਤੋਂ ਆਉਣ ਵਾਲੇ ਟੂਰਿਸਟਾਂ ਲਈ ਪ੍ਰਤੀ ਦਿਨ 1,200 ਰੁਪਏ ਦੀ ਫੀਸ ਅਦਾ ਕਰਨੀ ਲਾਜ਼ਮੀ ਬਣਾ ਦਿੱਤੀ ਗਈ ਹੈ।
ਇਸ ਦਾ ਮਤਲਬ ਹੈ ਕਿ ਭੂਟਾਨ 'ਚ ਘੁੰਮਣ-ਫਿਰਨ ਜਾਣ ਲਈ ਹੁਣ ਤੁਹਾਨੂੰ ਉੱਥੇ ਰੋਜ਼ਾਨਾ ਦੇ ਹਿਸਾਬ ਨਾਲ 1,200 ਰੁਪਏ (17 ਡਾਲਰ) ਦੀ ਫੀਸ ਭਰਨੀ ਪਵੇਗੀ, ਜਿਸ ਦਾ ਫਰਕ ਤੁਹਾਡੀ ਜੇਬ ਨੂੰ ਪੈਣਾ ਲਾਜ਼ਮੀ ਹੈ।
ਭੂਟਾਨ ਨੇ ਇਹ ਫੈਸਲਾ ਟੂਰਿਸਟਾਂ ਦੀ ਗਿਣਤੀ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਕੀਤਾ ਹੈ। 2018 'ਚ ਭੂਟਾਨ ਦੀ ਯਾਤਰਾ ਕਰਨ ਵਾਲੇ ਇਨ੍ਹਾਂ ਤਿੰਨ ਦੇਸ਼ਾਂ ਦੇ ਟੂਰਿਸਟਾਂ ਦੀ ਗਿਣਤੀ 10 ਵਧੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਭੂਟਾਨ ਨੇ ਸੈਰ ਸਪਾਟਾ ਸਹੂਲਤਾਂ ਤੇ ਇੰਫਰਾਸਟ੍ਰਕਚਰ ਦੇ ਵਿਕਾਸ ਲਈ ਇਹ ਫੀਸ ਲਗਾਈ ਹੈ, ਜੋ ਇਸ ਸਾਲ ਜੁਲਾਈ ਤੋਂ ਲਾਗੂ ਹੋ ਜਾਵੇਗੀ। ਹਾਲਾਂਕਿ, ਭੂਟਾਨ ਦੇ ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਨਵੇਂ ਨਿਯਮ ਲਾਗੂ ਕਰਨ ਸਮੇਂ ਭਾਰਤੀ ਟੂਰਿਸਟਾਂ ਨੂੰ ਅਸੁਵਿਧਾ ਨਹੀਂ ਹੋਣ ਦਿੱਤੀ ਜਾਵੇਗੀ।