ਸਮੁੰਦਰ ’ਚ ਟ੍ਰੈਫਿਕ ਜਾਮ : ਤੁਰਕੀ ਨੇ ਪਾਇਆ ਅੜਿੱਕਾ, ਕਰੂਡ ਆਇਲ ਲੈ ਕੇ ਆ ਰਹੇ ਭਾਰਤ ਦੇ ਕਈ ਜਹਾਜ਼ ਫਸੇ
Thursday, Dec 08, 2022 - 10:31 AM (IST)
ਨਵੀਂ ਦਿੱਲੀ–ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਕੱਚਾ ਤੇਲ ਲੈ ਕੇ ਜਾਣ ਵਾਲੇ ਜਹਾਜ਼ ਕਾਲਾ ਸਾਗਰ ’ਚ ਤੁਰਕੀ ਦੀ ਸਰਹੱਦ ’ਚ ਫਸ ਗਏ ਹਨ। ਤੁਰਕੀ ਵਲੋਂ ਤੇਲ ਟੈਂਕਰਾਂ ਦੇ ਬੀਮਾ ਕਾਗਜ਼ਾਂ ਦੀ ਨਿਰੀਖਣ ਪ੍ਰਕਿਰਿਆ ਬਦਲ ਦੇਣ ਤੋਂ ਬਾਅਦ ਇਹ ਸਮੱਸਿਆ ਪੈਦਾ ਹੋਈ ਹੈ। ਤੁਰਕੀ ਵਲੋਂ ਅੜਿੱਕਾ ਪਾਉਣ ਤੋਂ ਬਾਅਦ ਲੱਖਾਂ ਬੈਰਲ ਕੱਚਾ ਤੇਲ ਗਲੋਬਲ ਬਾਜ਼ਾਰਾਂ ’ਚ ਪਹੁੰਚਣ ਵਾਲੇ ਕਈ ਜਹਾਜ਼ ਪਿਛਲੇ ਕੁੱਝ ਦਿਨਾਂ ਤੋਂ ਸਮੁੰਦਰ ’ਚ ਫਸੇ ਹਨ ਅਤੇ ਅੱਗੇ ਨਹੀਂ ਵਧ ਪਾ ਰਹੇ ਹਨ।
ਤੁਰਕੀ ਨੇ ਜੀ-7 ਦੇਸ਼ਾਂ ਦੇ ਰੂਸੀ ਕੱਚੇ ਤੇਲ ਦਾ ਪ੍ਰਾਈਸ ਕੈਪ ਤੈਅ ਕਰਨ ਤੋਂ ਬਅਦ ਬੀਮਾ ਸਬੰਧੀ ਨਵਾਂ ਨਿਯਮ ਜਾਰੀ ਕੀਤਾ ਹੈ। ਤੁਰਕੀ ਹੁਣ ਜਹਾਜ਼ਾਂ ਤੋਂ ਬੀਮਾ ਕਰਨ ਵਾਲੀਆਂ ਕੰਪਨੀਆਂ ਦਾ ਗਾਰੰਟੀ ਕਵਰ ਦਿਖਾਉਣ ਦੀ ਮੰਗ ਕਰ ਰਿਹਾ ਹੈ ਜੋ ਇਹ ਦੱਸਦਾ ਹੈ ਕਿ ਜਹਾਜ਼ ’ਤੇ ਲੱਦਿਆ ਤੇਲ 60 ਡਾਲਰ ਪ੍ਰਤੀ ਬੈਰਲ ਜਾਂ ਇਸ ਤੋਂ ਘੱਟ ਕੀਮਤ ’ਤੇ ਹੀ ਖਰੀਦਿਆ ਗਿਆ ਹੈ। ਜੀ-7 ਦੇਸ਼ਾਂ ਨੇ ਰੂਸ ਦੇ ਕਰੂਡ ’ਤੇ 0 ਡਾਲਰ ਪ੍ਰਤੀ ਬੈਰਲ ਦਾ ਕੈਪ ਲਗਾ ਦਿੱਤਾ ਹੈ। ਯਾਨੀ ਰੂਸ ਦਾ ਤੇਲ ਇਸ ਤੋਂ ਵੱਧ ਮਹਿੰਗਾ ਨਹੀਂ ਹੋਵੇਗਾ। ਭਾਰਤ ਤੇਲ ਲੈ ਕੇ ਆ ਰਹੇ ਟੈਂਕਰ ’ਚ 10 ਲੱਖ ਬੈਰਲ ਰੂਸੀ ਕੱਚਾ ਤੇਲ ਲੱਦਿਆ ਹੈ।
ਖੜ੍ਹੇ ਹਨ 20 ਕਾਰਗੋ ਜਹਾਜ਼
ਤੁਰਕੀ ਵਲੋਂ ਨਵੇਂ ਕਾਗਜ਼ ਮੰਗਣ ਤੋਂ ਬਾਅਦ ਨਤੀਜਾ ਇਹ ਹੈ ਕਿ 1.8 ਕਰੋੜ ਬੈਰਲ ਕੱਚਾ ਤੇਲ ਲੱਦੇ ਘੱਟ ਤੋਂ ਘੱਟ 20 ਕਾਰਗੋ ਜਹਾਜ਼ ਕਈ ਦਿਨਾਂ ਤੋਂ ਬੋਸਫਰਸ ਅਤੇ ਡਾਰਡਾਨੇਲਸ ਸ਼ਿਪਿੰਗ ਜਲਡਮਰੂਮੱਧ ਤੋਂ ਲੰਘਣ ਦੀ ਉਡੀਕ ਕਰ ਰਹੇ ਹਨ। ਪਹਿਲਾਂ ਕਰੂਡ ਆਇਲ ਲੱਦੇ ਜਹਾਜ਼ਾਂ ਦੇ ਬੀਮਾ ਸਬੰਧੀ ਦਸਤਾਵੇਜ਼ ਬੀਮਾ ਕੰਪਨੀ ਦੀ ਵੈੱਬਸਾਈਟ ’ਤੇ ਦੇਖ ਕੇ ਹੀ ਤੁਰਕੀ ਦੇ ਅਧਿਕਾਰੀ ਜਹਾਜ਼ ਨੂੰ ਕੱਢਣ ਦੀ ਇਜਾਜ਼ਤ ਦੇ ਦਿੰਦੇ ਸਨ ਪਰ ਅਮਰੀਕਾ ਅਤੇ ਇੰਗਲੈਂਡ ਦੇ ਦਬਾਅ ’ਚ ਤੁਰਕੀ ਨੇ ਅਜਿਹਾ ਕਰਨਾ ਬੰਦ ਕਰ ਦਿੱਤਾ ਹੈ।
ਭਾਰਤ ਆ ਰਿਹਾ ਜਹਾਜ਼ ਵੀ ਅਟਕਿਆ
ਜੋ ਕਾਰਗੋ ਜਹਾਜ਼ ਕਾਲਾ ਸਾਗਰ ’ਚ ਅਟਕੇ ਹੋਏ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਯੂਰਪ ਲਈ ਕੱਚਾ ਤੇਲ ਲੈ ਕੇ ਜਾ ਰਹੇ ਹਨ। ਉੱਥੇ ਹੀ ਕੁੱਝ ਟੈਂਕਰ ਭਾਰਤ, ਦੱਖਣੀ ਕੋਰੀਆ ਅਤੇ ਪਨਾਮਾ ਜਾ ਰਹੇ ਹਨ। 19 ਟੈਂਕਰਾਂ ’ਚ ਕਜਾਕਿਸਤਾਨ ਤੋਂ ਨਿਕਲਿਆ ਸੀ. ਪੀ. ਸੀ. ਕਰੂਡ ਹੈ। ਉੱਥੇ ਹੀ ਇਕ ਟੈਂਕਰ ਜੋ ਭਾਰਤ ਤੇਲ ਲੈ ਕੇ ਆ ਰਿਹਾ ਹੈ, ਉਸ ’ਚ 10 ਲੱਖ ਬੈਰਲ ਰੂਸੀ ਕੱਚਾ ਤੇਲ ਲੱਦਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।