BS VI ਦਾ ਪ੍ਰਭਾਵ, ਟੋਇਟਾ ਵੀ ਬੰਦ ਕਰਨ ਜਾ ਰਹੀ ਹੈ ਇਹ ਡੀਜ਼ਲ ਵਾਹਨ!

11/19/2019 1:37:26 PM

ਨਵੀਂ ਦਿੱਲੀ— ਜਾਪਾਨ ਦੀ ਕਾਰ ਨਿਰਮਾਤਾ ਕੰਪਨੀ ਟੋਇਟਾ ਅਪ੍ਰੈਲ 2020 'ਚ ਬੀ. ਐੱਸ.-6 ਨਿਯਮ ਲਾਗੂ ਹੋਣ ਤੋਂ ਬਾਅਦ ਭਾਰਤ 'ਚ ਛੋਟੇ ਡੀਜ਼ਲ ਵਾਹਨਾਂ ਦੀ ਵਿਕਰੀ ਬੰਦ ਕਰਨ ਦਾ ਵਿਚਾਰ ਕਰ ਰਹੀ ਹੈ। ਹਾਲਾਂਕਿ, ਕੰਪਨੀ ਇਨੋਵਾ ਅਤੇ ਫਾਰਚੂਨਰ 'ਚ ਡੀਜ਼ਲ ਇੰਜਣ ਦਾ ਬਦਲ ਪੇਸ਼ ਕਰਨਾ ਜਾਰੀ ਰੱਖੇਗੀ, ਜਦੋਂ ਕਿ 1.3 ਲੀਟਰ ਡੀਜ਼ਲ ਇੰਜਣ ਨੂੰ ਬੰਦ ਕਰ ਦੇਵੇਗੀ ਜੋ ਇਸ ਸਮੇਂ ਈਟੀਓਸ, ਈਟੀਓਸ ਕਰਾਸ, ਲੀਵਾ ਤੇ ਕਰੋਲਾ ਅਲਟਿਸ 'ਚ ਹੈ।



ਇੰਡਸਟਰੀ ਦੇ ਇਕ ਉੱਚ ਅਧਿਕਾਰੀ ਮੁਤਾਬਕ, ਈਟੀਓਸ ਸੀਰਜ਼ ਆਪਣੇ ਜੀਵਨਸ਼ੈਲੀ ਦੇ ਅੰਤ 'ਤੇ ਹੈ, ਜਦੋਂ ਕਿ ਕੋਰੋਲਾ ਅਲਟਿਸ ਦੇ ਡੀਜ਼ਲ ਸੰਸਕਰਣ ਨੂੰ ਬੰਦ ਕਰਨ ਦਾ ਵਿਚਾਰ ਹੈ ਕਿਉਂਕਿ ਬੀ. ਐੱਸ.-6 ਨਾਲ ਜੋ ਲਾਗਤ ਵਧੇਗੀ ਉਹ ਗਾਹਕਾਂ ਦੀ ਪਹੁੰਚ ਤੋਂ ਬਾਹਰ ਹੋਵੇਗੀ।

ਜਪਾਨੀ ਕਾਰ ਨਿਰਮਾਤਾ ਟੋਇਟਾ ਭਾਰਤ 'ਚ ਕਿਰਲੋਸਕਰ ਗਰੁੱਪ ਨਾਲ ਮਿਲ ਕੇ ਕੰਮ ਕਰਦੀ ਹੈ। ਇਸ ਤੋਂ ਪਹਿਲਾਂ ਬਾਜ਼ਾਰ ਲੀਡਰ ਮਾਰੂਤੀ ਸੁਜ਼ੂਕੀ ਤੇ ਫ੍ਰੈਂਚ ਕਾਰ ਨਿਰਮਾਤਾ ਰੈਨੋ ਵੀ ਅਜਿਹੇ ਮਾਡਲਾਂ ਨੂੰ ਬੰਦ ਕਰਨ ਦੀ ਯੋਜਨਾ ਦਾ ਐਲਾਨ ਕਰ ਚੁੱਕੇ ਹਨ। ਇਸ ਦਾ ਕਾਰਨ ਹੈ ਕਿ ਬੀ. ਐੱਸ.-6 'ਚ ਬਦਲਣ ਨਾਲ ਛੋਟੇ ਡੀਜ਼ਲ ਮਾਡਲਾਂ ਦੀ ਲਾਗਤ 'ਚ ਕਾਫੀ ਵਾਧਾ ਹੋਵੇਗਾ, ਜਿਸ ਨਾਲ ਇਨ੍ਹਾਂ ਦੀ ਮੰਗ ਨਹੀਂ ਹੋਵੇਗੀ। ਐੱਮ. ਜੀ. ਮੋਟਰ ਇੰਡੀਆ ਨੇ ਵੀ ਇਹੀ ਕਿਹਾ ਹੈ ਕਿ ਬੀ. ਐੱਸ.-6 ਮਾਪਦੰਡਾਂ ਤੋਂ ਬਾਅਦ ਉਹ ਸਿਰਫ 15 ਲੱਖ ਰੁਪਏ ਤੋਂ ਵੱਧ ਦੀਆਂ ਗੱਡੀਆਂ 'ਚ ਹੀ ਡੀਜ਼ਲ ਇੰਜਣ ਪੇਸ਼ ਕਰੇਗੀ। ਜ਼ਿਕਰਯੋਗ ਹੈ ਕਿ ਪੈਟਰੋਲ-ਡੀਜ਼ਲ ਕੀਮਤਾਂ ਵਿਚਕਾਰ ਘੱਟ ਹੋ ਰਹੇ ਫਰਕ ਕਾਰਨ ਡੀਜ਼ਲ ਵਾਹਨਾਂ ਦੀ ਮੰਗ ਸਥਾਨਕ ਬਜ਼ਾਰ 'ਚ ਪਹਿਲਾਂ ਹੀ ਘੱਟ ਰਹੀ ਹੈ। ਕੁੱਲ ਯਾਤਰੀ ਵਾਹਨਾਂ ਦੀ ਵਿਕਰੀ 'ਚ ਡੀਜ਼ਲ ਵਾਹਨਾਂ ਦੀ ਹਿੱਸੇਦਾਰੀ ਸਤੰਬਰ 2019 'ਚ 33 ਫੀਸਦੀ ਰਹੀ, ਜੋ 2012-13 'ਚ 58 ਫੀਸਦੀ ਸੀ।


Related News