ਟੋਇਟਾ ਦੀ ਭਾਰਤ ''ਚ ਨਿਵੇਸ਼ ਬੰਦ ਕਰਨ ਦੀ ਖ਼ਬਰ ''ਤੇ ਸਰਕਾਰ ਦੀ ਸਫ਼ਾਈ

09/15/2020 10:02:04 PM

ਨਵੀਂ ਦਿੱਲੀ— ਭਾਰੀ ਉਦਯੋਗ ਅਤੇ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਖ਼ਬਰ ਗਲਤ ਹੈ ਕਿ ਟੋਇਟਾ ਮੋਟਰ ਭਾਰਤ 'ਚ ਨਿਵੇਸ਼ ਕਰਨਾ ਬੰਦ ਕਰੇਗੀ।

ਉਨ੍ਹਾਂ ਕਿਹਾ ਕਿ ਟੋਇਟਾ ਮੋਟਰ ਸਗੋਂ ਅਗਲੇ 12 ਮਹੀਨਿਆਂ 'ਚ 2,000 ਕਰੋੜ ਰੁਪਏ ਦਾ ਨਿਵੇਸ਼ ਕਰਨ ਵਾਲੀ ਹੈ। ਜਾਵਡੇਕਰ ਨੇ ਟਵੀਟ ਕੀਤਾ, ''ਇਹ ਸਮਾਚਾਰ ਗਲਤ ਹੈ ਕਿ ਟੋਇਟਾ ਕੰਪਨੀ ਭਾਰਤ 'ਚ ਨਿਵੇਸ਼ ਬੰਦ ਕਰੇਗੀ। ਟੋਇਟਾ ਕਿਰਲੋਸਕਰ ਮੋਟਰ ਦੇ ਉਪ ਮੁਖੀ ਵਿਕਰਮ ਕਿਰਲੋਸਕਰ ਨੇ ਇਹ ਸਪੱਸ਼ਟ ਕੀਤਾ ਹੈ ਕਿ ਕੰਪਨੀ ਅਗਾਮੀ 12 ਮਹੀਨਿਆਂ 'ਚ 2,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।''

ਕਿਰਲੋਸਕਰ ਨੇ ਵੀ ਟਵੀਟ ਕੀਤਾ, ''ਅਸੀਂ ਦੇਖ ਰਹੇ ਹਾਂ ਮੰਗ 'ਚ ਤੇਜ਼ੀ ਆ ਰਹੀ ਹੈ ਅਤੇ ਬਾਜ਼ਾਰ ਦੀ ਸਥਿਤੀ 'ਚ ਵੀ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਭਾਰਤ 'ਚ ਵਾਹਨ ਖੇਤਰ ਦਾ ਭਵਿੱਖ ਚੰਗਾ ਹੈ ਅਤੇ ਸਾਨੂੰ ਇਸ ਸਫਰ ਦਾ ਹਿੱਸਾ ਬਣਨ 'ਤੇ ਮਾਣ ਹੈ। ਅਸੀਂ 2,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਵਾਹਨਾਂ ਦੇ ਬਿਜਲੀਕਰਨ 'ਚ ਕਰਨਗੇ ਅਤੇ ਇਕ ਮਜਬੂਤ ਭਾਰਤ ਦੇ ਨਿਰਮਾਣ 'ਚ ਮਦਦ ਕਰਨਗੇ।''

ਗੌਰਤਲਬ ਹੈ ਕਿ ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਅਤੇ ਕਿਰਲੋਸਕਰ ਵਿਚਕਾਰ ਸਮਝੌਤਾ ਹੈ, ਜਿਸ ਤਹਿਤ ਕਿਰਲੋਸਕਰ ਭਾਰਤ 'ਚ ਟੋਇਟਾ ਦੇ ਵਾਹਨਾਂ ਦਾ ਨਿਰਮਾਣ ਅਤੇ ਵਿਕਰੀ ਕਰਦੀ ਹੈ। ਪਹਿਲਾਂ ਇਹ ਖ਼ਬਰ ਸੀ ਕਿ ਜ਼ਿਆਦਾ ਟੈਕਸ ਕਾਰਨ ਟੋਇਟਾ ਮੋਟਰ ਭਾਰਤ 'ਚ ਆਪਣੇ ਕਾਰੋਬਾਰ ਦਾ ਹੋਰ ਵਿਸਥਾਰ ਨਹੀਂ ਕਰਦੇ ਹੋਏ ਨਿਵੇਸ਼ ਬੰਦ ਕਰੇਗੀ।


Sanjeev

Content Editor

Related News