ਟੋਇਟਾ ਦੇ ਕਰਨਾਟਕ ਕਾਰ ਪਲਾਂਟ 'ਚ ਹੜਤਾਲ ਕਾਰਨ ਕੰਮ ਦੁਬਾਰਾ ਠੱਪ
Tuesday, Nov 24, 2020 - 02:17 PM (IST)
ਬੇਂਗਲੁਰੂ— ਟੋਇਟਾ ਮੋਟਰ ਕਾਰਪ ਨੇ ਕਾਮਿਆਂ ਵੱਲੋਂ ਹੜਤਾਲ ਜਾਰੀ ਰੱਖਣ ਕਾਰਨ ਸੋਮਵਾਰ ਤੋਂ ਦੱਖਣੀ ਭਾਰਤ 'ਚ ਆਪਣੇ ਕਾਰ ਪਲਾਂਟ 'ਚ ਫਿਰ ਤੋਂ ਕੰਮ ਰੋਕ ਦਿੱਤਾ ਹੈ।
ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਵੱਲੋਂ ਇਕ ਕਾਮੇ ਨੂੰ ਕੱਢੇ ਜਾਣ ਕਾਰਨ ਇਹ ਹੜਤਾਲ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾਂ 10 ਨਵੰਬਰ ਨੂੰ ਟੋਇਟਾ ਨੂੰ ਕਰਨਾਟਕ ਦੇ ਬਿਦਾੜੀ ਦੇ ਉਦਯੋਗਿਕ ਹੱਬ 'ਚ ਦੋਵੇਂ ਫੈਕਟਰੀਆਂ 'ਚ ਕੰਮ ਬੰਦ ਕਰਨ ਪਿਆ ਸੀ।
ਕੰਪਨੀ ਦੇ ਭਾਰਤੀ ਯੂਨਿਟ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਸਥਾਨਕ ਸਰਕਾਰ ਨੇ ਕਰਮਚਾਰੀਆਂ ਦੀ ਹੜਤਾਲ 'ਤੇ ਪਾਬੰਦੀ ਲਾਉਣ ਦੇ ਨਾਲ-ਨਾਲ ਪ੍ਰਬੰਧਨ ਵੱਲੋਂ ਕੰਮ ਰੋਕਣ ਲਈ ਜਾਰੀ 'ਤਾਲਾਬੰਦੀ' ਨੂੰ ਹਟਾ ਕੇ ਕੰਮ ਦੁਬਾਰਾ ਸ਼ੁਰੂ ਕਰਨ ਦੇ ਹੁਕਮ ਦਿੱਤੇ ਸਨ। ਕੰਪਨੀ ਨੇ ਕਿਹਾ ਕਿ ਟੀ. ਕੇ. ਐੱਮ. ਵੱਲੋਂ ਤਾਲਾਬੰਦੀ ਹਟਾਉਣ ਤੋਂ ਬਾਅਦ ਵੀ ਕੁਝ ਹੀ ਕਾਮੇ ਕੰਮ 'ਤੇ ਲੱਗੇ। ਉਨ੍ਹਾਂ ਕਿਹਾ ਕਿ ਪਲਾਂਟ ਦੇ ਕੰਮਕਾਜ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਹਰ ਸ਼ਿਫਟ 'ਚ ਘੱਟੋ-ਘੱਟ 90 ਫ਼ੀਸਦੀ ਕਾਮਿਆਂ ਦੀ ਲੋੜ ਹੁੰਦੀ ਹੈ, ਜਦੋਂ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਨਿਰਮਾਣ ਗਤੀਵਧੀਆਂ ਨੂੰ ਜਾਰੀ ਰੱਖਣਾ ਮੁਮਕਿਨ ਨਹੀਂ ਹੈ।