ਬੇਬੀ ਪਾਊਡਰ ’ਚ ਮਿਲਿਆ ਜ਼ਹਿਰੀਲਾ ਖਣਿਜ, ਕੰਪਨੀ ਨੇ 62 ਪੇਟੀਆਂ ਮੰਗਵਾਈਆਂ ਵਾਪਸ

Sunday, Sep 22, 2024 - 06:20 PM (IST)

ਬੇਬੀ ਪਾਊਡਰ ’ਚ ਮਿਲਿਆ ਜ਼ਹਿਰੀਲਾ ਖਣਿਜ, ਕੰਪਨੀ ਨੇ 62 ਪੇਟੀਆਂ ਮੰਗਵਾਈਆਂ ਵਾਪਸ

ਜਲੰਧਰ - ਅਮਰੀਕਾ ’ਚ ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ਦੇ ਬੰਦ ਹੋਣ ਤੋਂ ਬਾਅਦ ਹੁਣ ਡਾਇਨੇਰੈਕਸ ਕਾਰਪੋਰੇਸ਼ਨ ਦੇ ਡਾਇਨਾਕੇਅਰ ਬੇਬੀ ਪਾਊਡਰ ਦੇ ਉਤਪਾਦਨ ’ਤੇ ਵੀ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਦਰਅਸਲ ਅਮਰੀਕਾ ਦੇ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਵੱਲੋਂ ਲਏ ਗਏ ਇਸ ਬੇਬੀ ਪਾਊਡਰ ਦੇ ਨਮੂਨਿਆਂ ’ਚ ਐਸਬੈਸਟਸ ਨਾਮਕ ਜ਼ਹਿਰੀਲਾ ਖਣਿਜ ਪਾਇਆ ਗਿਆ ਹੈ, ਜਿਸ ਨਾਲ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ।

ਇਹ ਵੀ ਪੜ੍ਹੋ :     ਇਸ ਦੇਸ਼ ਦੇ ਵਿਜ਼ੀਟਰਜ਼ ਨੂੰ ਮਿਲੇਗੀ 10 GB ਮੁਫਤ ਡਾਟੇ ਨਾਲ ਇੰਸਟੈਂਟ E-SIM

ਐੱਫ. ਡੀ. ਏ. ਦੀ ਚਿਤਾਵਨੀ ਤੋਂ ਬਾਅਦ ਕੰਪਨੀ ਨੇ ਡਾਇਨਾਕੇਅਰ ਬੇਬੀ ਪਾਊਡਰ ਦੀਆਂ 62 ਪੇਟੀਆਂ ਵਾਪਸ ਮੰਗਵਾ ਲਈਆਂ ਗਈਆਂ ਹਨ। ਇਨ੍ਹਾਂ ਦੀ ਸਪਲਾਈ ਅਮਰੀਕਾ ਦੇ ਅਲਬਾਮਾ, ਅਰਕਾਂਸਸ, ਕੋਲੋਰਾਡੋ, ਇਲਿਨੋਇਸ, ਕੇਂਟਕੀ, ਉੱਤਰੀ ਕੈਰੋਲਿਨਾ, ਨਿਊ ਜਰਸੀ, ਪੈਂਸਿਲਵੇਨੀਆ, ਟੇਨੇਸੀ, ਫਲੋਰੀਡਾ, ਵਾਸ਼ਿੰਗਟਨ ਅਤੇ ਵਿਸਕਾਂਸਿਨ ’ਚ ਕੀਤੀ ਜਾ ਚੁੱਕੀ ਸੀ।

ਕੰਪਨੀ ਦਾ ਦਾਅਵਾ : ਕਿਸੇ ਨੂੰ ਨਹੀਂ ਹੋਈ ਬੀਮਾਰੀ

ਕੰਪਨੀ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਸ ਨੇ ਡਿਸਟ੍ਰੀਬਿਊਟ ਕੀਤੇ ਗਏ ਬੇਬੀ ਪਾਊਡਰ ਦੇ ਸਟਾਕ ਨੂੰ ਵਾਪਸ ਮੰਗਵਾ ਲਿਆ ਹੈ, ਕਿਉਂਕਿ ਇਸ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ। ਕੰਪਨੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਹੁਣ ਤੱਕ ਵਾਪਸ ਮੰਗਵਾਏ ਗਏ ਬੇਬੀ ਪਾਊਡਰ ਨਾਲ ਕਿਸੇ ਬੀਮਾਰੀ ਦੇ ਲੱਛਣ ਸਾਹਮਣੇ ਨਹੀਂ ਹਨ।

ਇਹ ਵੀ ਪੜ੍ਹੋ :     ਅਮਰੀਕਾ ਦੌਰੇ 'ਤੇ ਗਏ PM ਮੋਦੀ ਨੂੰ ਪੰਨੂ ਨੇ ਦਿੱਤੀ ਧਮਕੀ, ਵਧਾਈ ਗਈ ਸੁਰੱਖ਼ਿਆ(Video)

ਓਧਰ, ਐੱਫ. ਡੀ. ਏ. ਦਾ ਕਹਿਣਾ ਹੈ ਕਿ ਟੈਲਕ ਮਾਈਨਿੰਗ ਦੌਰਾਨ ਜੇ ਥਾਵਾਂ ਦੀ ਚੋਣ ਸਾਵਧਾਨੀ ਨਾਲ ਨਹੀਂ ਕੀਤੀ ਜਾਂਦੀ ਹੈ ਤਾਂ ਇਹ ਐਸਬੈਸਟਸ ਤੋਂ ਦੂਸ਼ਿਤ ਹੋ ਸਕਦਾ ਹੈ। ਐੱਫ. ਡੀ. ਏ. ਨੇ ਅਪੀਲ ਕੀਤੀ ਹੈ ਕਿ ਜੇ ਗਾਹਕਾਂ ਨੇ ਵਾਪਸ ਮੰਗਾਇਆ ਗਿਆ ਬੇਬੀ ਪਾਊਡਰ ਖ੍ਰੀਦਿਆ ਹੈ, ਤਾਂ ਕੰਪਨੀ ਦੇ ਐਲਾਨ ਅਨੁਸਾਰ ਇਸ ਦੀ ਵਰਤੋਂ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਇਸ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੂਰੀ ਕੀਮਤ ਵਸੂਲੀ ਲਈ ਵੀ ਇਸ ਨੂੰ ਵਾਪਸ ਕੀਤਾ ਜਾ ਸਕਦਾ ਹੈ।

ਕੀ ਹੈ ਐਸਬੈਸਟਸ, ਜਿਸ ਨੂੰ ਲੈ ਕੇ ਹੋਇਆ ਵਿਵਾਦ

ਸੰਘੀ ਅਧਿਕਾਰੀਆਂ ਮੁਤਾਬਕ ਟੈਲਕ ਨੂੰ ਪ੍ਰਾਪਤ ਕਰਨ ਲਈ ਜ਼ਮੀਨ ’ਚ ਜਿੱਥੇ ਖੋਦਾਈ ਕੀਤੀ ਜਾਂਦੀ ਹੈ, ਉੱਥੇ ਹੀ ਐਸਬੈਸਟਸ ਵੀ ਪਾਇਆ ਜਾਂਦਾ ਹੈ। ਟੈਲਕ ਜ਼ਮੀਨ ਦੇ ਅੰਦਰ ਪਾਇਆ ਜਾਂਦਾ ਹੈ ਅਤੇ ਇਹ ਪੂਰਨ ਰੂਪ ’ਚ ਕੁਦਰਤੀ ਹੁੰਦਾ ਹੈ। ਇਸ ’ਚ ਮੈਗਨੀਸ਼ੀਅਮ, ਸਿਲੀਕਾਨ, ਹਾਈਡ੍ਰੋਜਨ ਅਤੇ ਆਕਸੀਜਨ ਹੁੰਦੀ ਹੈ। ਉਸ ਦੇ ਰਾਸਾਇਣਿਕ ਰੂਪ ਨੂੰ ਦੇਖਣ ’ਤੇ ਉਸ ’ਚ ਮੈਗਨੀਸ਼ੀਅਮ ਸਿਲੀਕੇਟ ਨਜ਼ਰ ਆਉਂਦਾ ਹੈ।

ਦੱਸ ਦੇਈਏ ਕਿ ਇਸ ਦੀ ਵਰਤੋਂ ਨਮੀ ਸੋਖਣ ’ਚ ਵੀ ਕੀਤੀ ਜਾਂਦੀ ਹੈ। ਇਹ ਕਾਸਮੈਟਿਕ ਅਤੇ ਪ੍ਰਸਨਲ ਕੇਅਰ ਬਣਾਉਣ ’ਚ ਵੀ ਵਰਤਿਆ ਜਾਂਦਾ ਹੈ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਐਸਬੈਸਟਸ ’ਚ ਸਾਹ ਲੈਣ ਨਾਲ ਐਸਬੈਸਟੋਸਿਸ ਅਤੇ ਪਲਮਨਰੀ ਰੋਗ ਵਰਗੀਆਂ ਗੈਰ-ਕੈਂਸਰ ਬੀਮਾਰੀਆਂ ਹੋ ਸਕਦੀਆਂ ਹਨ। ਐਸਬੈਸਟਸ ਦੇ ਸੰਪਰਕ ’ਚ ਆਉਣ ਨਾਲ ਫੇਫੜਿਆਂ ਦੇ ਕੈਂਸਰ ਅਤੇ ਮੇਸੋਥੈਲੀਓਮਾ ਵਰਗੇ ਕੁਝ ਕੈਂਸਰ ਵਿਕਸਤ ਹੋਣ ਦਾ ਖਤਰਾ ਵੀ ਵਧ ਸਕਦਾ ਹੈ।

ਇਹ ਵੀ ਪੜ੍ਹੋ :     ਪੰਜ ਸਾਲਾਂ 'ਚ ਇਟਲੀ ਦੀ ਨਾਗਰਿਕਤਾ, ਰਾਇਸ਼ੁਮਾਰੀ ਨੇ ਜਗਾਈ ਨਵੀਂ ਆਸ

ਜਾਨਸਨ ਐਂਡ ਜਾਨਸਨ ਨੂੰ ਚੁਕਾਉਣੇ ਪਏ ਸਨ 700 ਮਿਲੀਅਨ ਡਾਲਰ

ਜ਼ਿਕਰਯੋਗ ਹੈ ਕਿ ਦੁਨੀਆ ਦੀਆਂ ਵੱਡੀਆਂ ਹੈਲ‍ਥ ਕੇਅਰ ਪ੍ਰੋਡਕ‍ਟ ਬਣਾਉਣ ਵਾਲੀਆਂ ਕੰਪਨੀਆਂ ’ਚ ਸ਼ਾਮਲ ਜਾਨਸਨ ਐਂਡ ਜਾਨਸਨ ਨੂੰ ਆਪਣੇ ਬੇਬੀ ਪਾਊਡਰ ’ਚ ਟੈਲਕਮ-ਆਧਾਰਿਤ ਉਤਪਾਦਾਂ ’ਚ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਦੀ ਮੌਜੂਦਗੀ ਦੇ ਮਾਮਲੇ ਨੂੰ ਰਫਾ-ਦਫਾ ਕਰਨ ਲਈ 700 ਮਿਲੀਅਨ ਡਾਲਰ ਦੇ ਸਮਝੌਤੇ ਨੂੰ ਸਵੀਕਾਰ ਕਰਨਾ ਪਿਆ ਸੀ।

ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਇਹ ਸਮਝੌਤਾ ਉਨ੍ਹਾਂ ਦੋਸ਼ਾਂ ਨੂੰ ਵੀ ਸਾਬਤ ਕਰਦਾ ਹੈ ਕਿ ਜਾਨਸਨ ਐਂਡ ਜਾਨਸਨ ਨੇ ਆਪਣੇ ਟੈਲਕਮ ਪ੍ਰੋਡਕਟਸ ਦੀ ਸੁਰੱਖਿਆ ਦੇ ਸਬੰਧ ’ਚ ਖਪਤਕਾਰਾਂ ਨੂੰ ਗੁੰਮਰਾਹ ਕੀਤਾ। ਕੰਪਨੀ ਨੇ ਫਿਲਹਾਲ ਇਸ ਪ੍ਰੋਡਕਟ ਦੀ ਵਿਕਰੀ ਨੂੰ ਬੰਦ ਕਰ ਦਿੱਤਾ ਹੈ ਪਰ ਵਿਕਰੀ ਰੋਕਣ ਤੋਂ ਪਹਿਲਾਂ ਇਹ ਉਤਪਾਦ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਵੇਚੇ ਜਾ ਰਹੇ ਸਨ।

ਇਹ ਵੀ ਪੜ੍ਹੋ :      ਟਰੰਪ ਦੀ ਚੋਣ ਮੁਹਿੰਮ 'ਚ ਵੱਜਦੇ ਨੇ 'ਚੋਰੀ ਦੇ ਗਾਣੇ', ਕਈ ਪਰਚੇ ਦਰਜ਼

ਕੰਪਨੀ ’ਤੇ ਬੀਮਾਰੀ ਤੋਂ ਪੀੜਤ ਹਜ਼ਾਰਾਂ ਲੋਕਾਂ ਨੇ ਕੀਤੇ ਹਨ ਮੁਕੱਦਮੇ

ਹਾਲਾਂਕਿ ਕੰਪਨੀ ਨੇ ਰਾਜਾਂ ਨਾਲ ਇਸ ਸਮਝੌਤੇ ਤਹਿਤ ਕਿਸੇ ਵੀ ਗਲਤ ਕੰਮ ਨੂੰ ਸਵੀਕਾਰ ਨਹੀਂ ਕੀਤਾ ਹੈ। ਇਸ ਸਮਝੌਤਾ ਪ੍ਰਕਿਰਿਆ ’ਚ ਫਲੋਰੀਡਾ, ਉੱਤਰੀ ਕੈਰੋਲਿਨਾ ਅਤੇ ਟੈਕਸਾਸ ਵਰਗੇ ਸੂਬਿਆਂ ਦੇ ਨੇਤਾ ਸ਼ਾਮਲ ਸਨ। ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਟੈਲਕ ਉਤਪਾਦ ਸੁਰੱਖਿਅਤ ਹਨ ਅਤੇ ਇਨ੍ਹਾਂ ਤੋਂ ਕੈਂਸਰ ਨਹੀਂ ਹੁੰਦਾ ਹੈ। ਉਨ੍ਹਾਂ ਨੇ ਜਨਵਰੀ ’ਚ ਸਿਧਾਂਤਕ ਤੌਰ ’ਤੇ ਸਮਝੌਤੇ ਦਾ ਐਲਾਨ ਕੀਤਾ ਸੀ।

ਪਿਛਲੇ ਸਾਲ ਹੀ ਜਾਨਸਨ ਐਂਡ ਜਾਨਸਨ ਨੇ ਇਸ ਪਾਊਡਰ ਦੀ ਮੁੱਢਲੀ ਸਮੱਗਰੀ ਦੇ ਤੌਰ ’ਤੇ ਕਾਰਨ ਸਟਾਰਚ ਨੂੰ ਚੁਣਦੇ ਹੋਏ ਦੁਨੀਆ ਭਰ ’ਚ ਆਪਣੇ ਟੈਲਕ-ਆਧਾਰਿਤ ਬੇਬੀ ਪਾਊਡਰ ਦੀ ਵਿਕਰੀ ਬੰਦ ਕਰ ਦਿੱਤੀ ਸੀ। ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਉਤਪਾਦ ਐਸਬੈਸਟਸ-ਮੁਕਤ ਹਨ।

ਧਿਆਨ ਯੋਗ ਹੈ ਕਿ ਜਾਨਸਨ ਐਂਡ ਜਾਨਸਨ ਆਪਣੇ ਟੈਲਕ ਉਤਪਾਦਾਂ ਨਾਲ ਸਬੰਧਤ ਵੱਡੀ ਗਿਣਤੀ ’ਚ ਮੁਕੱਦਮਿਆਂ ਨਾਲ ਨਜਿੱਠ ਰਹੀ ਹੈ। 31 ਮਾਰਚ ਤੱਕ ਲੱਗਭਗ 61,490 ਵਿਅਕਤੀਆਂ ਨੇ ਕੰਪਨੀ ’ਤੇ ਮੁਕੱਦਮੇ ਦਰਜ ਕੀਤੇ ਹਨ। ਇਨ੍ਹਾਂ ’ਚੋਂ ਸਾਰੇ ਮਾਮਲਿਆਂ ’ਚ ਬੱਚੇਦਾਨੀ ਦੇ ਕੈਂਸਰ ਤੋਂ ਪੀਡ਼ਤ ਔਰਤਾਂ ਸ਼ਾਮਲ ਹਨ, ਜਦੋਂ ਕਿ ਕੁਝ ਸ਼ਿਕਾਇਤਕਰਤਾ ਮੈਸੋਥੈਲੀਓਮਾ ਤੋਂ ਪੀਡ਼ਤ ਹਨ, ਜੋ ਕਿ ਐਸਬੈਸਟਸ ਦੇ ਸੰਪਰਕ ’ਚ ਆਉਣ ਵਾਲਾ ਕੈਂਸਰ ਹੈ। ਫਿਲਹਾਲ ਐੱਫ. ਡੀ. ਏ. ਦੇ ਨਿਸ਼ਾਨੇ ’ਤੇ ਹੁਣ ਡਾਇਨੇਰੈਕਸ ਕਾਰਪੋਰੇਸ਼ਨ ਦਾ ਡਾਇਨਾਕੇਅਰ ਬੇਬੀ ਪਾਊਡਰ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News