ਸਰਕਾਰ ਲਈ ਮੁਸ਼ਕਲ, 15 ਸਤੰਬਰ ਤੱਕ ਟੈਕਸ ਵਸੂਲੀ 22 ਫੀਸਦੀ ਘਟੀ
Wednesday, Sep 16, 2020 - 02:44 PM (IST)
ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਵਿਚਕਾਰ ਸਰਕਾਰ ਦਾ ਹੱਥ ਹੋਰ ਤੰਗ ਹੁੰਦਾ ਨਜ਼ਰ ਆ ਰਿਹਾ ਹੈ, ਖ਼ਬਰ ਹੈ ਕਿ ਚਾਲੂ ਵਿੱਤੀ ਸਾਲ 'ਚ 15 ਸਤੰਬਰ ਤੱਕ ਕੁੱਲ ਟੈਕਸ ਵਸੂਲੀ 'ਚ 22 ਫੀਸਦੀ ਦੀ ਕਮੀ ਆਈ ਹੈ।
ਰਿਪੋਰਟ ਮੁਤਾਬਕ, ਇਨਕਮ ਟੈਕਸ ਵਿਭਾਗ ਦੇ ਇਕ ਸੂਤਰ ਦਾ ਕਹਿਣਾ ਹੈ ਕਿ ਦੂਜੀ ਤਿਮਾਹੀ ਲਈ ਅਗਾਂਊ ਟੈਕਸ ਵਸੂਲੀ ਸਮੇਤ ਕੇਂਦਰ ਦੀ ਕੁੱਲ ਟੈਕਸ ਵਸੂਲੀ ਚਾਲੂ ਵਿੱਤੀ ਸਾਲ ਦੀ 15 ਸਤੰਬਰ ਤੱਕ 22.5 ਫੀਸਦੀ ਘੱਟ ਕੇ 2,53,532.3 ਕਰੋੜ ਰੁਪਏ ਰਹਿ ਗਈ ਹੈ।
ਮੁੰਬਈ ਜ਼ੋਨ ਦੇ ਇਨਕਮ ਟੈਕਸ ਵਿਭਾਗ ਦੇ ਇਕ ਸੂਤਰ ਨੇ ਪੀ. ਟੀ. ਆਈ. ਨੂੰ ਫੋਨ 'ਤੇ ਬੁੱਧਵਾਰ ਨੂੰ ਦੱਸਿਆ ਕਿ 15 ਸਤੰਬਰ 2019 ਨੂੰ ਸਮਾਪਤ ਹੋਈ ਇਸੇ ਮਿਆਦ ਦੌਰਾਨ ਕੁੱਲ ਟੈਕਸ ਵਸੂਲੀ 3,27,320.2 ਕਰੋੜ ਰੁਪਏ ਰਹੀ ਸੀ। ਹਾਲਾਂਕਿ, ਸੂਤਰ ਨੇ ਮੌਜੂਦਾ ਤਿਮਾਹੀ ਲਈ ਵੱਖਰੇ ਤੌਰ 'ਤੇ ਅਡਵਾਂਸ ਟੈਕਸ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ। ਉੱਥੇ ਹੀ, ਜੂਨ ਤਿਮਾਹੀ ਦੌਰਾਨ ਅਡਵਾਂਸ ਟੈਕਸ ਵਸੂਲੀ 'ਚ 76 ਫੀਸਦੀ ਦੀ ਭਾਰੀ ਗਿਰਾਵਟ ਦੇ ਨਾਲ ਕੁੱਲ ਟੈਕਸ ਵਸੂਲੀ 31 ਫੀਸਦੀ ਡਿੱਗ ਗਈ, ਕਿਉਂਕਿ ਦੇਸ਼ ਮਹਾਮਾਰੀ ਕਾਰਨ ਪੂਰੀ ਤਰ੍ਹਾਂ ਲਾਕਡਾਊਨ 'ਚ ਸੀ।