ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 2022 ''ਚ 15 ਫੀਸਦੀ ਵਧ ਕੇ 2.11 ਕਰੋੜ ਇਕਾਈ ''ਤੇ ਪਹੁੰਚੀ : ਫਾਡਾ
Thursday, Jan 05, 2023 - 04:57 PM (IST)
ਨਵੀਂ ਦਿੱਲੀ- ਦੇਸ਼ 'ਚ ਵਾਹਨਾਂ ਦੀ ਪ੍ਰਚੂਨ ਵਿਕਰੀ 2022 'ਚ 15.28 ਫੀਸਦੀ ਵਧ ਕੇ 2,11,20,441 ਇਕਾਈ 'ਤੇ ਪਹੁੰਚ ਗਈ ਹੈ। ਇਸ 'ਚ ਯਾਤਰੀ ਵਾਹਨਾਂ ਅਤੇ ਟਰੈਕਟਰਾਂ ਦੀ ਰਿਕਾਰਡ ਵਿਕਰੀ ਹੋਈ ਹੈ। ਫੈਡਰੇਸ਼ਨ ਆਫ ਵ੍ਹੀਕਲ ਡੀਲਰ ਐਸੋਸੀਏਸ਼ਨ (ਫਾਡਾ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਡਾ ਨੇ ਇੱਕ ਬਿਆਨ 'ਚ ਕਿਹਾ ਕਿ 2021 'ਚ ਭਾਰਤ 'ਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 1,83,21,760 ਇਕਾਈ ਸੀ। ਪਿਛਲੇ ਸਾਲ ਕੁੱਲ 1,53,88,062 ਵਾਹਨਾਂ ਦੀ ਪ੍ਰਚੂਨ ਵਿਕਰੀ ਹੋਈ ਸੀ ਜੋ ਕਿ 2021 'ਚ ਵੇਚੇ ਗਏ 1,35,73,682 ਵਾਹਨਾਂ ਦੇ ਮੁਕਾਬਲੇ 13.37 ਫੀਸਦੀ ਜ਼ਿਆਦਾ ਹੈ। 2022 'ਚ 34,31,497 ਯਾਤਰੀ ਵਾਹਨਾਂ (ਪੀਵੀ) ਦੀ ਪ੍ਰਚੂਨ ਵਿਕਰੀ ਹੋਈ। ਇਹ 2021 'ਚ ਵਿਕੇ 29,49,182 ਵਾਹਨਾਂ ਤੋਂ 16.35 ਫੀਸਦੀ ਜ਼ਿਆਦਾ ਹੈ।
ਫਾਡਾ ਦੇ ਪ੍ਰਧਾਨ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਕੈਲੰਡਰ ਸਾਲ 2022 'ਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ ਸਾਲਾਨਾ ਆਧਾਰ 'ਤੇ 15 ਫੀਸਦੀ ਵਧੀ ਹੈ ਅਤੇ 2020 ਦੇ ਮੁਕਾਬਲੇ ਇਹ 17 ਫੀਸਦੀ ਵਧੀ ਹੈ। ਹਾਲਾਂਕਿ ਕੋਵਿਡ ਤੋਂ ਪਹਿਲਾਂ ਸਾਲ 2019 ਦੇ ਮੁਕਾਬਲੇ ਵਿਕਰੀ 'ਚ 10 ਫੀਸਦੀ ਦੀ ਗਿਰਾਵਟ ਹੋਈ ਹੈ।
ਸਿੰਘਾਨੀਆ ਨੇ ਕਿਹਾ ਕਿ ਇਸ ਮਿਆਦ ਦੇ ਦੌਰਾਨ ਪੀਵੀ ਸ਼੍ਰੇਣੀ 'ਚ ਤੇਜ਼ੀ ਜਾਰੀ ਰਹੀ ਅਤੇ 2022 ਦੌਰਾਨ ਇਸ ਸ਼੍ਰੇਣੀ ਦੀਆਂ 34.31 ਲੱਖ ਇਕਾਈਆਂ ਵਿਕੀਆਂ। ਇਹ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵੱਧਦੀ ਮਹਿੰਗਾਈ, ਵਾਹਨਾਂ ਦੀ ਖਰੀਦ ਦੀ ਵਧਦੀ ਲਾਗਤ, ਪੇਂਡੂ ਬਾਜ਼ਾਰਾਂ ਦੇ ਪੂਰੀ ਤਰ੍ਹਾਂ ਵਾਪਸ ਨਾ ਆਉਣ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਧਦੀ ਵਿਕਰੀ ਕਾਰਨ ਆਈ.ਸੀ.ਈ. (ਇੰਟਰਨਲ ਕੰਬਸ਼ਨ ਇੰਜਣ) ਦੋ ਪਹੀਆਂ ਸ਼੍ਰੇਣੀ 'ਚ ਵਿਕਰੀ ਘੱਟ ਰਹੀ ਹੈ। ਵਪਾਰਕ ਵਾਹਨਾਂ ਦੀ ਪ੍ਰਚੂਨ ਵਿਕਰੀ 2022 'ਚ 8,65,344 ਇਕਾਈ ਰਹੀ ਜੋ ਕਿ 2021 'ਚ ਵੇਚੇ ਗਏ 6,55,696 ਵਾਹਨਾਂ ਤੋਂ 31.97 ਫੀਸਦੀ ਵੱਧ ਹੈ।
ਸਿੰਘਾਨੀਆ ਨੇ ਦੱਸਿਆ ਕਿ ਵਪਾਰਕ ਵਾਹਨ ਸ਼੍ਰੇਣੀ ਦੀ ਵਿਕਰੀ 2022 'ਚ ਲਗਾਤਾਰ ਵਧੀ ਹੈ ਅਤੇ ਇਹ 2019 ਦੀ ਵਿਕਰੀ ਦੇ ਲਗਭਗ ਬਰਾਬਰ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਥ੍ਰੀ ਵ੍ਹੀਲਰ ਸ਼੍ਰੇਣੀ ਦੀ ਵਿਕਰੀ ਬਹੁਤ ਪ੍ਰਭਾਵਿਤ ਹੋਈ ਸੀ ਪਰ ਹੁਣ ਇਸ 'ਚ ਵੀ ਚੰਗੀ ਪੁਨਰ ਸੁਰਜੀਤੀ ਹੋਈ ਹੈ। ਇਸ ਸ਼੍ਰੇਣੀ 'ਚ ਇਲੈਕਟ੍ਰਿਕ ਰਿਕਸ਼ਾ ਉਪ-ਸ਼੍ਰੇਣੀ ਨੇ ਤਿੰਨ ਅੰਕਾਂ ਦਾ ਵਾਧਾ ਹਾਸਲ ਕੀਤਾ ਹੈ ਜਿਸ ਨਾਲ ਇਲੈਕਟ੍ਰਿਕ ਵਾਹਨਾਂ ਦੀ ਮਾਰਕੀਟ ਹਿੱਸੇਦਾਰੀ 50 ਫੀਸਦੀ ਤੋਂ ਵੱਧ ਹੋਣ ਜਾ ਰਹੀ ਹੈ। ਪਿਛਲੇ ਸਾਲ 6,40,559 ਤਿੰਨ ਪਹੀਆ ਵਾਹਨ ਵਿਕੇ, ਜੋ 2021 'ਚ ਵੇਚੇ ਗਏ 3,73,562 ਵਾਹਨਾਂ ਦੇ ਮੁਕਾਬਲੇ 71.47 ਫੀਸਦੀ ਜ਼ਿਆਦਾ ਹੈ।