ਚੋਟੀ ਦੇ 8 ਸ਼ਹਿਰਾਂ ’ਚ ਸਤੰਬਰ ਤੱਕ ਖਾਲੀ ਪਏ ਸਨ 7.85 ਲੱਖ ਘਰ

Thursday, Oct 06, 2022 - 11:35 AM (IST)

ਚੋਟੀ ਦੇ 8 ਸ਼ਹਿਰਾਂ ’ਚ ਸਤੰਬਰ ਤੱਕ ਖਾਲੀ ਪਏ ਸਨ 7.85 ਲੱਖ ਘਰ

ਨਵੀਂ ਦਿੱਲੀ–ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ’ਚ ਸਤੰਬਰ ਤੱਕ 7.85 ਲੱਖ ਰਿਹਾਇਸ਼ੀ ਇਕਾਈਆਂ ਖਾਲੀ ਪਈਆਂ ਸਨ ਯਾਨੀ ਇਨ੍ਹਾਂ ਲਈ ਕੋਈ ਖਰੀਦਦਾਰ ਨਹੀਂ ਸੀ। ਪ੍ਰਾਪਟਾਈਗਰ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਬਿਲਡਰਾਂ ਨੂੰ ਇਨ੍ਹਾਂ ਰਿਹਾਇਸ਼ੀ ਇਕਾਈਆਂ ਨੂੰ ਕੱਢਣ ਜਾਂ ਵੇਚਣ ’ਚ 32 ਮਹੀਨੇ ਲੱਗਣਗੇ। ਜਾਇਦਾਦ ਸਲਾਹਕਾਰ ਮੁਤਾਬਕ ਹਾਲਾਂਕਿ, ਦਿੱਲੀ-ਐੱਨ. ਸੀ. ਆਰ. ਰਿਹਾਇਸ਼ੀ ਬਾਜ਼ਾਰ ’ਚ ਆਮਰਪਾਲੀ, ਜੇ. ਪੀ. ਇਨਫ੍ਰਾਟੈੱਕ ਅਤੇ ਯੂਨੀਟੈੱਕ ਵਰਗੇ ਕਈ ਵੱਡੇ ਬਿਲਡਰਾਂ ਦੇ ਡਿਫਾਲਟ ਨਾਲ ਵਿਕਰੀ ’ਤੇ ਉਲਟ ਪ੍ਰਭਾਵ ਪਿਆ ਹੈ।
ਦਿੱਲੀ-ਐੱਨ. ਸੀ. ਆਰ. ’ਚ 1 ਲੱਖ ਤੋਂ ਵੱਧ ਰਿਹਾਇਸ਼ੀ ਇਕਾਈਆਂ ਖਾਲੀ ਪਈਆਂ ਹਨ ਅਤੇ ਇਨ੍ਹਾਂ ਨੂੰ ਵੇਚਣ ’ਚ ਬਿਲਡਰਾਂ ਨੂੰ 5 ਸਾਲ ਤੋਂ ਵੱਧ ਕਰੀਬ 62 ਮਹੀਨੇ ਲੱਗਣਗੇ। ਪ੍ਰਾਪਟਾਈਗਰਡਾਟਕਾਮ ਦੇ ਅੰਕੜਿਆਂ ਮੁਤਾਬਕ ਬਿਨਾਂ ਵਿਕੇ ਮਕਾਨਾਂ ਦੀ ਗਿਣਤੀ 30 ਸਤੰਬਰ ਤੱਕ ਵਧ ਕੇ 7,85,260 ਇਕਾਈ ਹੋ ਗਈ। ਪਿਛਲੀ ਤਿਮਾਹੀ ਦੇ ਅਖੀਰ ’ਚ ਇਹ ਅੰਕੜਾ 7,63,650 ਇਕਾਈ ਰਿਹਾ ਸੀ।
ਪ੍ਰਾਪਟਾਈਗਰ 8 ਸ਼ਹਿਰਾਂ ਅਹਿਮਦਾਬਾਦ, ਦਿੱਲੀ-ਐੱਨ. ਸੀ. ਆਰ. (ਦਿੱਲੀ, ਗੁਰੂਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ), ਚੇਨਈ, ਬੇਂਗਲੁਰੂ, ਹੈਦਰਾਬਾਦ, ਕੋਲਕਾਤਾ, ਮੁੰਬਈ ਮਹਾਨਗਰ ਖੇਤਰ ਅਤੇ ਪੁਣੇ ਦੇ ਪ੍ਰਾਇਮਰੀ ਰਿਹਾਇਸ਼ੀ ਬਾਜ਼ਾਰ ’ਤੇ ਨਜ਼ਰ ਰੱਖਦੀ ਹੈ। ਇਨ੍ਹਾਂ 8 ਸ਼ਹਿਰਾਂ ’ਚ ਘਰਾਂ ਦੀ ਵਿਕਰੀ ਜੁਲਾਈ-ਸਤੰਬਰ 2022 ’ਚ 49 ਫੀਸਦੀ ਵਧ ਕੇ 83,220 ਇਕਾਈ ਹੋ ਗਈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਘਰਾਂ ਦੀ ਮੰਗ ’ਚ ਰਿਵਾਈਵਲ ਨਾਲ ਖਾਲੀ ਪਏ ਮਕਾਨਾਂ ਦੀ ਗਿਣਤੀ ’ਚ ਜ਼ਿਕਰਯੋਗ ਗਿਰਾਵਟ ਵੀ ਆਈ ਹੈ। ਅੰਕੜਿਆਂ ਮੁਤਾਬਕ ਸਤੰਬਰ ਤਿਮਾਹੀ ਦੇ ਅਖੀਰ ’ਚ ਅਹਿਮਦਾਬਾਦ ’ਚ 65,160 ਬਿਨਾਂ ਵਿਕੀਆਂ ਰਿਹਾਇਸ਼ੀ ਇਕਾਈਆਂ ਸਨ, ਜਿਨ੍ਹਾਂ ਨੂੰ ਵੇਚਣ ’ਚ 30 ਮਹੀਨੇ ਲੱਗਣਗੇ। ਉੱਥੇ ਹੀ ਬੇਂਗਲੁਰੂ ’ਚ ਖਾਲੀ ਪਏ 77,260 ਘਰਾਂ ਨੂੰ ਵੇਚਣ ’ਚ ਬਿਲਡਰਾਂ ਨੂੰ 28 ਮਹੀਨੇ ਲੱਗਣਗੇ, ਜਦ ਕਿ ਚੇਨਈ ’ਚ ਬਿਨਾਂ ਵਿਕੀਆਂ ਰਿਹਾਇਸ਼ੀ ਜਾਇਦਾਦਾਂ 32,180 ਸਨ। ਉੱਥੇ ਹੀ ਦਿੱਲੀ-ਐੱਨ. ਸੀ. ਆਰ. ’ਚ ਖਾਲੀ ਪਏ ਘਰਾਂ ਦੀ ਗਿਣਤੀ 1,00,770 ਅਤੇ ਹੈਦਰਾਬਾਦ ’ਚ 99,090 ਇਕਾਈ ਸੀ। ਇਨ੍ਹਾਂ ਨੂੰ ਵੇਚਣ ’ਚ ਕ੍ਰਮਵਾਰ : 27 ਮਹੀਨੇ, 62 ਮਹੀਨੇ ਅਤੇ 41 ਮਹੀਨਿਆਂ ਦਾ ਸਮਾਂ ਲੱਗੇਗਾ।
ਅੰਕੜਿਆਂ ਮੁਤਾਬਕ ਕੋਲਕਾਤਾ ’ਚ 22,530 ਖਾਲੀ ਪਏ ਮਕਾਨ ਹਨ। ਇਸ ਨੂੰ ਵੇਚਣ ’ਚ ਸਭ ਤੋਂ ਘੱਟ 24 ਮਹੀਨਿਆਂ ਦਾ ਸਮਾਂ ਲੱਗੇਗਾ। ਮਹਾਰਾਸ਼ਟਰ ਦੇ 2 ਸਭ ਤੋਂ ਵੱਡੇ ਜਾਇਦਾਦ ਬਾਜ਼ਾਰਾਂ ’ਚ ਮੁੰਬਈ ’ਚ 2,72,960 ਰਿਹਾਇਸ਼ੀ ਇਕਾਈਆਂ ਖਾਲੀ ਸਨ, ਜਿਨ੍ਹਾਂ ਦੀ ਵਿਕਰੀ ’ਚ 33 ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗੇਗਾ। ਉੱਥੇ ਹੀ ਪੁਣੇ ਦੇ ਬਿਲਡਰਾਂ ਨੂੰ ਮੌਜੂਦਾ ਰਫਤਾਰ ਨਾਲ 1,15,310 ਬਿਨਾਂ ਵਿਕੀਆਂ ਰਿਹਾਇਸ਼ੀ ਇਕਾਈਆਂ ਨੂੰ ਵੇਚਣ ’ਚ 22 ਮਹੀਨੇ ਲੱਗਣਗੇ।


author

Aarti dhillon

Content Editor

Related News