ਟਮਾਟਰ ਹੋਇਆ ‘ਲਾਲ’, 10 ਦਿਨਾਂ ’ਚ 50 ਫੀਸਦੀ ਉਛਲਿਆ
Friday, Nov 21, 2025 - 12:23 AM (IST)
ਨਵੀਂ ਦਿੱਲੀ- ਜੇਕਰ ਤੁਸੀਂ ਬਾਜ਼ਾਰ ’ਚ ਸਬਜ਼ੀ ਖਰੀਦਣ ਜਾ ਰਹੇ ਹੋ, ਤਾਂ ਟਮਾਟਰ ਦੀ ਕੀਮਤ ਵੇਖ ਕੇ ਹੈਰਾਨ ਹੋਣ ਲਈ ਤਿਆਰ ਰਹੋ। ਦੇਸ਼ ਭਰ ’ਚ ਟਮਾਟਰ ਦੇ ਮੁੱਲ ਅਚਾਨਕ ਤੇਜ਼ੀ ਨਾਲ ਵੱਧ ਗਏ ਹਨ ਅਤੇ ਸਿਰਫ 10 ਤੋਂ 15 ਦਿਨਾਂ ’ਚ ਕਰੀਬ 50 ਫੀਸਦੀ ਤੱਕ ਉਛਾਲ ਦਰਜ ਕੀਤਾ ਗਿਆ ਹੈ।
ਕਈ ਥਾਵਾਂ ’ਤੇ ਚੰਗੇ ਕੁਆਲਿਟੀ ਵਾਲੇ ਟਮਾਟਰ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਏ ਹਨ, ਜਿਸ ਨਾਲ ਰਸੋਈ ਦਾ ਬਜਟ ਪੂਰੀ ਤਰ੍ਹਾਂ ਹਿੱਲ ਗਿਆ ਹੈ। ਅਜਿਹੇ ’ਚ ਸਵਾਲ ਇਹ ਹੈ ਕਿ ਅਾਖਿਰ ਇਕਦਮ ਟਮਾਟਰ ਇੰਨਾ ਮਹਿੰਗਾ ਕਿਵੇਂ ਹੋ ਗਿਆ?
ਸਰਕਾਰੀ ਅੰਕੜਿਆਂ ਅਨੁਸਾਰ ਟਮਾਟਰ ਦੀਆਂ ਪ੍ਰਚੂਨ ਕੀਮਤਾਂ ਪਿਛਲੇ ਇਕ ਮਹੀਨੇ ’ਚ 25 ਤੋਂ 100 ਫੀਸਦੀ ਤੱਕ ਵੱਧ ਗਈਆਂ ਹਨ। ਆਲ ਇੰਡੀਆ ਐਵਰੇਜ ਰਿਟੇਲ ਪ੍ਰਾਈਸ 36 ਰੁਪਏ ਪ੍ਰਤੀ ਕਿੱਲੋ ਤੋਂ ਵਧ ਕੇ 46 ਰੁਪਏ ਪਹੁੰਚ ਚੁੱਕਾ ਹੈ, ਭਾਵ 27 ਫੀਸਦੀ ਦਾ ਉਛਾਲ। ਸਭ ਤੋਂ ਵੱਡਾ ਵਾਧਾ ਚੰਡੀਗੜ੍ਹ ’ਚ 112 ਫੀਸਦੀ ਦਰਜ ਕੀਤਾ ਗਿਆ ਹੈ। ਉਥੇ ਹੀ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ’ਚ 1 ਮਹੀਨੇ ’ਚ ਮੁੱਲ 40 ਫੀਸਦੀ ਤੋਂ ਜ਼ਿਆਦਾ ਵਧੇ ਹਨ।
ਕਿਉਂ ਹੋਇਆ ਮਹਿੰਗਾ
ਟਮਾਟਰ ਦੀ ਮਹਿੰਗਾਈ ਦੀ ਸਭ ਤੋਂ ਵੱਡੀ ਵਜ੍ਹਾ ਹੈ ਅਕਤੂਬਰ ’ਚ ਹੋਈ ਜ਼ਿਆਦਾ ਬਾਰਿਸ਼, ਜਿਸ ਨਾਲ ਕਈ ਸੂਬਿਆਂ ’ਚ ਫਸਲ ਨੂੰ ਭਾਰੀ ਨੁਕਸਾਨ ਪੁੱਜਾ। ਇਸ ਵਜ੍ਹਾ ਨਾਲ ਸਪਲਾਈ ਅਚਾਨਕ ਘੱਟ ਹੋ ਗਈ।
ਮਹਾਰਾਸ਼ਟਰ, ਜੋ ਟਮਾਟਰ ਸਪਲਾਈ ਦੇ ਪ੍ਰਮੁੱਖ ਸੂਬਿਆਂ ’ਚੋਂ ਇਕ ਹੈ, ਉੱਥੇ ਥੋਕ ਕੀਮਤਾਂ ਪਿਛਲੇ ਮਹੀਨੇ ਦੀ ਤੁਲਨਾ ’ਚ 45 ਫੀਸਦੀ ਉਛਲ ਗਈਆਂ ਹਨ। ਉਥੇ ਹੀ ਦਿੱਲੀ ’ਚ, ਜੋ ਉੱਤਰੀ ਭਾਰਤ ਦਾ ਮੁੱਖ ਵੰਡ ਕੇਂਦਰ ਹੈ, ਥੋਕ ਕੀਮਤਾਂ 26 ਫੀਸਦੀ ਵਧੀਆਂ ਹਨ।
ਮਹਾਰਾਸ਼ਟਰ ਅਤੇ ਗੁਜਰਾਤ ਤੋਂ ਆ ਰਹੇ ਘੱਟ ਟਰੱਕ
ਸਪਲਾਈ ਘੱਟ ਹੋਣ ਦੀ ਹਾਲਤ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ ਤੋਂ ਆਉਣ ਵਾਲੇ ਟਰੱਕਾਂ ਦੀ ਗਿਣਤੀ ਅੱਧੀ ਤੋਂ ਵੀ ਘੱਟ ਹੋ ਗਈ ਹੈ।
ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਆਜ਼ਾਦਪੁਰ ਦੇ ਟਮਾਟਰ ਟਰੇਡਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਕੋਸ਼ਿਕ ਨੇ ਕਿਹਾ ਕਿ ਅਕਤੂਬਰ ਦੀ ਜ਼ਿਆਦਾ ਬਾਰਿਸ਼ ਨੇ ਫਸਲਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਟਰੇਡਰਜ਼ ਮੁਤਾਬਕ ਵਧਦੇ ਵਿਆਹਾਂ ਦੇ ਸੀਜ਼ਨ ਅਤੇ ਆਉਣ ਵਾਲੇ ਨਿਊ ਈਅਰ ਸੈਲੀਬ੍ਰੇਸ਼ਨ ਦੌਰਾਨ ਟਮਾਟਰ ਦੀ ਮੰਗ ਵਧੀ ਹੋਈ ਹੈ, ਜਿਸ ਕਾਰਨ ਕੀਮਤਾਂ ’ਤੇ ਦਬਾਅ ਹੋਰ ਵਧ ਗਿਆ ਹੈ।
ਅਕਤੂਬਰ ’ਚ ਮਹਿੰਗਾਈ ਦਰ
ਦਿਲਚਸਪ ਗੱਲ ਇਹ ਹੈ ਕਿ ਸਿਰਫ ਇਕ ਮਹੀਨੇ ਪਹਿਲਾਂ ਪਿਆਜ਼, ਆਲੂ ਅਤੇ ਟਮਾਟਰ ਦੀਆਂ ਡਿੱਗਦੀਆਂ ਕੀਮਤਾਂ ਨੇ ਰਿਟੇਲ ਮਹਿੰਗਾਈ ਦਰ ਨੂੰ 0.25 ਫੀਸਦੀ ਤੱਕ ਘੱਟ ਕਰ ਦਿੱਤਾ ਸੀ, ਜੋ 2013 ਤੋਂ ਬਾਅਦ ਸਭ ਤੋਂ ਘੱਟ ਸੀ। ਟਮਾਟਰ ’ਚ ਉਦੋਂ 42.9 ਫੀਸਦੀ ਦੀ ਡਿਫਲੇਸ਼ਨ ਦਰਜ ਕੀਤੀ ਗਈ ਸੀ। ਹੁਣ ਮਹਿੰਗਾਈ ਦੀ ਇਹ ਅੱਗ ਫਿਰ ਭੜਕ ਗਈ ਹੈ।
