ਮਹਿੰਗਾਈ ਦੀ ਮਾਰ, ਟਮਾਟਰ 100 ਤੋਂ ਪਾਰ, ਆਲੂ ਨੇ ਲਗਾਈ ਹਾਫ ਸੈਂਚੁਰੀ, ਪਿਆਜ਼ ਵੀ ਲੱਗਾ ਹੰਝੂ ਕੱਢਣ

Thursday, Sep 24, 2020 - 09:24 AM (IST)

ਮਹਿੰਗਾਈ ਦੀ ਮਾਰ, ਟਮਾਟਰ 100 ਤੋਂ ਪਾਰ, ਆਲੂ ਨੇ ਲਗਾਈ ਹਾਫ ਸੈਂਚੁਰੀ, ਪਿਆਜ਼ ਵੀ ਲੱਗਾ ਹੰਝੂ ਕੱਢਣ

ਨਵੀਂ ਦਿੱਲੀ (ਇੰਟ.) : ਹਰੀਆਂ ਸਬਜ਼ੀਆਂ ਦੀਆਂ ਕੀਮਤਾਂ 'ਚ ਉਂਝ ਹੀ ਅੱਗ ਲੱਗੀ ਹੈ। ਰਹਿੰਦੀ ਕਸਰ ਆਲੂ, ਪਿਆਜ਼ ਅਤੇ ਟਮਾਟਰ ਪੂਰੀ ਕਰ ਰਹੇ ਹਨ। ਮਹਿੰਗਾਈ ਦੀ ਪਿਚ 'ਤੇ ਆਲੂ ਨੇ ਹਾਲ ਹੀ 'ਚ ਹਾਫ ਸੈਂਚੁਰੀ ਲਗਾਈ ਹੈ। ਦੇਸ਼ ਦੇ ਕਈ ਸ਼ਹਿਰਾਂ 'ਚ ਸਦਾਬਹਾਰ ਆਲੂ ਹੁਣ 50 ਰੁਪਏ ਪ੍ਰਤੀ ਕਿਲੋ ਤੋਂ ਪਾਰ ਜਾਣ ਨੂੰ ਬੇਕਰਾਰ ਹੈ, ਉਥੇ ਹੀ ਪਿਆਜ਼ ਵੀ ਹੁਣ ਕਈ ਥਾਵਾਂ 'ਤੇ 50 ਰੁਪਏ ਪ੍ਰਤੀ ਕਿਲੋ ਰੇਟ ਨੂੰ ਪਾਰ ਕਰ ਚੁੱਕਾ ਹੈ ਯਾਨੀ ਪਿਆਜ਼ ਵੀ ਹੁਣ ਹੰਝੂ ਕੱਢਣ ਲੱਗਾ ਹੈ। ਉਥੇ ਹੀ ਟਮਾਟਰ ਦੇ ਤੇਵਰ ਹੋਰ ਤਿੱਖੇ ਹੋਏ ਹਨ।

ਸੈਂਕੜਾ ਲਗਾਉਣ ਤੋਂ ਬਾਅਦ ਯਾਨੀ 100 ਰੁਪਏ ਪਾਰ ਜਾਣ ਤੋਂ ਬਾਅਦ ਵੀ ਟਮਾਟਰ ਦੀ ਕੀਮਤ ਘਟਣ ਦਾ ਨਾਂ ਨਹੀਂ ਲੈ ਰਹੀ ਹੈ ਅਤੇ ਕਈ ਥਾਈਂ ਇਹ 120 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਿਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਦੇਸ਼ 'ਚ ਟਮਾਟਰ ਦੀ ਔਸਤ ਪ੍ਰਚੂਨ ਕੀਮਤ 50 ਰੁਪਏ ਸੀ, ਜਦੋਂ ਕਿ ਵੱਧ ਤੋਂ ਵੱਧ 120 ਅਤੇ ਘੱਟ ਤੋਂ ਘੱਟ 20 ਰੁਪਏ ਪ੍ਰਤੀ ਕਿਲੋ। ਜਿਥੋਂ ਤੱਕ ਆਲੂ ਦੀ ਗੱਲ ਕਰੀਏ ਤਾਂ ਦੇਸ਼ 'ਚ ਇਹ 25 ਤੋਂ 60 ਰੁਪਏ ਕਿਲੋ ਵਿਕ ਰਿਹਾ ਹੈ ਜਦੋਂ ਕਿ ਇਸ ਦਾ ਔਸਤ ਮੁੱਲ 40 ਰੁਪਏ ਹੈ। ਕਈ ਸਰਕਾਰਾਂ ਦੀ ਬਲੀ ਲੈਣ ਵਾਲਾ ਪਿਆਜ਼ ਹੁਣ ਜ਼ਿਆਦਾ ਉਛਲਣ ਲੱਗਾ ਹੈ। ਮੰਤਰਾਲੇ ਦੇ ਮੁਤਾਬਕ ਪਿਆਜ਼ 18 ਤੋਂ 60 ਰੁਪਏ ਕਿਲੋ ਵਿਕ ਰਿਹਾ ਹੈ।

ਬਰਾਮਦ 'ਤੇ ਰੋਕ ਲੱਗਣ ਦੇ ਬਾਵਜੂਦ ਵਧ ਰਹੇ ਪਿਆਜ਼ ਦੇ ਰੇਟ
ਸਰਕਾਰ ਨੇ ਪਿਆਜ਼ ਦੇ ਰੇਟ ਨਾ ਵਧਣ, ਇਸ ਲਈ ਤੁਰੰਤ ਉਪਾਅ ਕਰਦੇ ਹੋਏ ਇਸ ਦੀਆਂ ਸਾਰੀਆਂ ਕਿਸਮਾਂ ਦੀ ਬਰਾਮਦ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਕੇਂਦਰ ਸਰਕਾਰ ਦੇ ਪਿਆਜ਼ ਬਰਾਮਦ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਨੂੰ ਲੈ ਕੇ ਮਹਾਰਾਸ਼ਟਰ 'ਚ ਵਿਰੋਧ-ਪ੍ਰਦਰਸ਼ਨ ਹੋ ਰਹੇ ਹਨ। ਬਾਵਜੂਦ ਇਸ ਦੇ ਰੇਟ ਤੇਜ਼ੀ ਨਾਲ ਵਧ ਰਹੇ ਹਨ। ਜਿਥੋਂ ਤੱਕ ਟਮਾਟਰ ਦੀਆਂ ਕੀਮਤਾਂ 'ਚ ਉਛਾਲ ਦੀ ਗੱਲ ਹੈ ਤਾਂ ਦੇਸ਼ ਦੇ ਦੱਖਣੀ ਅਤੇ ਪੱਛਮੀ ਇਲਾਕਿਆਂ 'ਚ ਭਾਰੀ ਬਾਰਿਸ਼ ਨਾਲ ਟਮਾਟਰ ਦੀ ਸਪਲਾਈ ਪ੍ਰਭਾਵਿਤ ਹੋਈ ਹੈ।

ਦੱਸ ਦਈਏ ਕਿ ਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਬਾਰਿਸ਼ ਨੇ ਝੋਨੇ, ਦਾਲਾਂ, ਮਸਾਲੇ, ਫਲਾਂ ਅਤੇ ਸਬਜ਼ੀਆਂ ਸਮੇਤ ਵੱਖ-ਵੱਖ ਖੜ੍ਹੀਆਂ ਫਸਲਾਂ ਨੂੰ ਪ੍ਰਭਾਵਿਤ ਕੀਤਾ ਹੈ। ਸਾਉਣੀ ਅਤੇ ਹਾੜ੍ਹੀ ਦੋਹਾਂ 'ਚ ਪਿਆਜ਼ ਬੀਜਿਆ ਜਾਂਦਾ ਹੈ। ਮਹਾਰਾਸ਼ਟਰ, ਗੁਜਰਾਤ, ਕਰਨਾਟਕ 'ਚ ਇਹ ਫਸਲ ਮਈ ਅਤੇ ਨਵੰਬਰ ਤੱਕ ਤਿਆਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਆਂਧਰਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬੰਗਾਲ 'ਚ ਇਹ ਫਸਲ ਇਸ ਦੇ ਅੱਗੇ-ਪਿੱਛੇ ਤਿਆਰ ਹੁੰਦੀ ਹੈ। ਇਸ ਸਾਲ ਦੱਖਣੀ ਭਾਰਤ ਅਤੇ ਮਹਾਰਾਸ਼ਟਰ 'ਚ ਟਮਾਟਰ ਦੀ ਫਸਲ ਘੱਟ ਰਹਿਣ ਦਾ ਖਦਸ਼ਾ ਹੈ।


author

cherry

Content Editor

Related News