ਟਿਕਟਾਕ ਦੀ ਵਾਪਸੀ ਮੁਸ਼ਕਲ, ਕੰਪਨੀ ਭਾਰਤ ''ਚ ਬੰਦ ਕਰੇਗੀ ਕਾਰੋਬਾਰ

01/27/2021 8:13:08 PM

ਨਵੀਂ ਦਿੱਲੀ, (ਭਾਸ਼ਾ)- ਸਰਕਾਰ ਵੱਲੋਂ ਬਾਈਟਡਾਂਸ ਦੀ ਟਿਕਟਾਕ ਅਤੇ ਹੈਲੋ ਐਪਸ 'ਤੇ ਲਗਾਤਾਰ ਜਾਰੀ ਪਾਬੰਦੀ ਦੀ ਵਜ੍ਹਾ ਨਾਲ ਚੀਨ ਦੀ ਸੋਸ਼ਲ ਮੀਡੀਆ ਕੰਪਨੀ ਬਾਈਟਡਾਂਸ ਨੇ ਭਾਰਤ ਵਿਚ ਆਪਣਾ ਕਾਰੋਬਾਰ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ। ਟਿਕਟਾਕ ਦੇ ਗਲੋਬਲ ਅੰਤਰਿਮ ਪ੍ਰਮੁੱਖ ਵੈਨੇਸਾ ਪਾਪਸ ਅਤੇ ਗਲੋਬਲ ਬਿਜ਼ਨੈੱਸ ਸਲਿਊਸ਼ਨਸ ਦੇ ਉਪ ਮੁਖੀ ਬਲੈਕ ਚਾਂਡਲੀ ਨੇ ਕਰਮਚਾਰੀਆਂ ਨੂੰ ਭੇਜੇ ਇਕ ਈ-ਮੇਲ ਵਿਚ ਕੰਪਨੀ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ।

ਇਸ ਵਿਚ ਕਿਹਾ ਗਿਆ ਹੈ ਕਿ ਕੰਪਨੀ ਟੀਮ ਦੇ ਆਕਾਰ ਨੂੰ ਘੱਟ ਕਰ ਰਹੀ ਹੈ ਅਤੇ ਇਸ ਫ਼ੈਸਲੇ ਨਾਲ ਭਾਰਤ ਵਿਚ ਉਸ ਦੇ ਸਾਰੇ ਕਰਮਚਾਰੀ ਪ੍ਰਭਾਵਿਤ ਹੋਣਗੇ। ਅਧਿਕਾਰੀਆਂ ਨੇ ਕੰਪਨੀ ਦੀ ਭਾਰਤ ਵਿਚ ਵਾਪਸੀ 'ਤੇ ਅਨਿਸ਼ਚਿਤਤਾ ਪ੍ਰਗਟ ਕੀਤੀ ਪਰ ਆਸ ਵੀ ਨਹੀਂ ਛੱਡੀ ਹੈ।

ਈ-ਮੇਲ ਵਿਚ ਕਿਹਾ ਗਿਆ ਹੈ, ''ਅਸੀਂ ਇਹ ਨਹੀਂ ਜਾਣਦੇ ਕਿ ਭਾਰਤ ਵਿਚ ਕਦੋਂ ਵਾਪਸੀ ਕਰਾਂਗੇ। ਹਾਲਾਂਕਿ, ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਅਜਿਹਾ ਹੋ ਸਕੇ।'' ਬਾਈਟਡਾਂਸ ਦੇ ਇਕ ਸੂਤਰ ਮੁਤਾਬਕ, ਕੰਪਨੀ ਨੇ ਬੁੱਧਵਾਰ ਨੂੰ ਇਕ ਟਾਊਨ ਹਾਲ ਦਾ ਆਯੋਜਨ ਕੀਤਾ, ਜਿੱਥੇ ਉਸ ਨੇ ਭਾਰਤ ਦੇ ਕਾਰੋਬਾਰ ਨੂੰ ਬੰਦ ਕਰਨ ਬਾਰੇ ਦੱਸਿਆ। ਉੱਥੇ ਹੀ, ਜਦੋਂ ਇਸ ਬਾਰੇ ਟਿਕਟਾਕ ਦੇ ਬੁਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੰਪਨੀ 29 ਜੂਨ 2020 ਨੂੰ ਜਾਰੀ ਭਾਰਤ ਸਰਕਾਰ ਦੇ ਹੁਕਮਾਂ ਦੀ ਲਗਾਤਾਰ ਪਾਲਣਾ ਕਰ ਰਹੀ ਹੈ।


Sanjeev

Content Editor

Related News