ਇਸ ਵਾਰ ਹੋਵੇਗਾ ਅਨਾਜ ਦਾ ਰਿਕਾਰਡ ਉਤਪਾਦਨ, ਘੱਟ ਪੈ ਸਕਦੇ ਹਨ ਗੋਦਾਮ
Wednesday, Feb 19, 2020 - 04:54 PM (IST)
ਨਵੀਂ ਦਿੱਲੀ — ਇਸ ਵਾਰ ਕਣਕ ਦਾ ਰਿਕਾਰਡ ਉਤਪਾਦਨ ਭਾਰਤੀ ਖੁਰਾਕ ਨਿਗਮ (ਐਫਸੀਆਈ) ਲਈ ਭੰਡਾਰਨ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਅੱਜ ਜਾਰੀ ਕੀਤੇ ਗਏ ਦੂਜੇ ਅਗੇਤੀ ਅੰਦਾਜ਼ਿਆਂ ਅਨੁਸਾਰ ਆਉਣ ਵਾਲੀ ਕਣਕ ਦੀ ਫਸਲ ਦਾ ਉਤਪਾਦਨ ਹੁਣ ਤੱਕ ਦਾ ਸਭ ਤੋਂ ਵੱਧ 1,062 ਲੱਖ ਟਨ ਹੋਵੇਗਾ। ਅਜਿਹੀ ਸਥਿਤੀ ਵਿਚ ਜੇਕਰ ਐਫ.ਸੀ.ਆਈ. ਨੇ ਜਲਦੀ ਹੀ ਆਉਣ ਵਾਲੇ ਮਹੀਨਿਆਂ ਵਿਚ ਅਨਾਜ ਭੰਡਾਰ ਨੂੰ ਵੇਚਣ ਲਈ ਕਦਮ ਨਾ ਚੁੱਕਿਆ ਤਾਂ ਵਿਭਾਗ ਭੰਡਾਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਲਈ 2020-21 ਵਿਚ ਨਵੀਂ ਕਣਕ ਦੀ ਆਮਦ ਲਈ ਭੰਡਾਰਨ ਦੀ ਥਾਂ ਮੁਹੱਈਆ ਕਰਵਾਉਣਾ ਇਕ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ।ਜਾਰੀ ਕੀਤੇ ਗਏ ਅੰਕੜਿਆਂ 'ਚ ਦਿਖਾਇਆ ਗਿਆ ਹੈ ਕਿ ਜੁਲਾਈ 2019 ਤੋਂ ਸ਼ੁਰੂ ਹੋਏ ਫਸਲ ਸਾਲ 2019-20 ਵਿਚ ਕਣਕ ਦਾ ਅਨੁਮਾਨਤ ਉਤਪਾਦਨ 2018-19 ਤੋਂ 26.1 ਲੱਖ ਟਨ ਅਤੇ ਇਸ ਸਾਲ ਦੇ ਟੀਚੇ ਨਾਲੋਂ 57.1 ਲੱਖ ਟਨ ਜ਼ਿਆਦਾ ਹੈ।
ਜੇਕਰ ਇਹ ਮੰਨ ਕੇ ਚਲੀਏ ਕਿ ਐਫ.ਸੀ.ਆਈ. ਅਤੇ ਸੂਬਾ ਏਜੰਸੀਆਂ ਕਣਕ ਦੇ ਇਸ ਭਾਰੀ ਉਤਪਾਦਨ ਵਿਚੋਂ ਕਰੀਬ 30 ਤੋਂ 35 ਫੀਸਦੀ ਤੱਕ ਦੀ ਖਰੀਦਦਾਰੀ ਕਰ ਲੈਂਦੀਆਂ ਹਨ ਤਾਂ ਪਹਿਲਾਂ ਤੋਂ ਮੌਜੂਦ ਸਟਾਕ ਵਿਚ 280 ਤੋਂ 370 ਲੱਖ ਟਨ ਦਾ ਵਾਧਾ ਹੋਵੇਗਾ। ਇਸ ਨਾਲ ਐਫ.ਸੀ.ਆਈ. ਦੀ ਪਹਿਲਾਂ ਤੋਂ ਕਮਜ਼ੋਰ ਵਿੱਤੀ ਸਥਿਤੀ 'ਤੇ ਦਬਾਅ ਵਧੇਗਾ। ਵਿੱਤੀ ਸਾਲ 2021 ਦੇ ਬਜਟ ਦਸਤਾਵੇਜ਼ਾਂ ਮੁਤਾਬਕ ਐਫ.ਸੀ.ਆਈ. 2020-21 'ਚ ਰਾਸ਼ਟਰੀ ਛੋਟੀ ਬਚਤ ਫੰਡ(ਐਨ.ਐਸ.ਐਸ.ਐਫ.) ਤੋਂ 24 ਫੀਸਦੀ ਜ਼ਿਆਦਾ ਯਾਨੀ 1.36 ਲੱਖ ਕਰੋੜ ਰੁਪਏ ਦਾ ਕਰਜ਼ਾ ਲਵੇਗਾ। ਅੰਕੜੇ ਦੱਸਦੇ ਹਨ ਕਿ ਕੇਂਦਰੀ ਭੰਡਾਰ ਵਿਚ ਅਨਾਜ(ਕਣਕ ਅਤੇ ਚੌਲ) ਦਾ ਕੁੱਲ ਸਟਾਕ 7 ਫਰਵਰੀ 2020 ਨੂੰ ਕਰੀਬ 578.1 ਲੱਖ ਟਨ ਅਨੁਮਾਨਤ ਸੀ। ਇਸ 'ਚ ਕਣਕ ਦਾ ਸਟਾਕ 303.6 ਲੱਖ ਟਨ ਅਨੁਮਾਨਤ ਸੀ ਜਿਹੜਾ ਜ਼ਰੂਰਤ ਤੋਂ 124 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਚੌਲ ਦਾ ਸਟਾਕ 274.1 ਲੱਖ ਟਨ ਅਨੁਮਾਨਤ ਹੈ ਜਿਹੜਾ ਹਰ ਸਾਲ 1 ਜਨਵਰੀ ਨੂੰ ਜ਼ਰੂਰੀ ਸਟਾਕ ਤੋਂ 260 ਫੀਸਦੀ ਜ਼ਿਆਦਾ ਹੈ।
ਵਿੱਤੀ ਸਾਲ 2019 - 20 ਵਿਚ ਕੇਂਦਰ ਸਰਕਾਰ ਦੁਆਰਾ ਲਕਸ਼ਿਤ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਅਤੇ ਹੋਰ ਭਲਾਈ ਸਕੀਮਾਂ ਲਈ 603.9 ਲੱਖ ਟਨ ਅਲਾਟ ਕਰਨ ਦਾ ਅਨੁਮਾਨ ਹੈ ਜੋ ਕਿ ਖਰੀਦ ਨਾਲੋਂ ਬਹੁਤ ਘੱਟ ਹੈ। ਇਸ ਦੌਰਾਨ ਹੋਰ ਅਗੇਤੇ ਅਨੁਮਾਨਾਂ ਤੋਂ ਪਤਾ ਲਗਦਾ ਹੈ ਕਿ ਹੋਰ ਵੱਡੀਆਂ ਹਾੜੀ ਦੀਆਂ ਫਸਲਾਂ ਵਿਚ ਛੋਲਿਆਂ ਦਾ ਉਤਪਾਦਨ 112.2 ਲੱਖ ਟਨ ਹੋਣ ਦਾ ਅਨੁਮਾਨ ਹੈ ਜਿਹੜਾ ਕਿ ਪਿਛਲੇ ਸਾਲ ਦੇ ਮੁਕਾਬਲੇ 12.80 ਫੀਸਦੀ ਜ਼ਿਆਦਾ ਹੈ। ਹਾੜ੍ਹੀ ਦੇ ਮੌਸਮ ਵਿਚ ਉਗਾਈ ਜਾਣ ਵਾਲੀ ਤੇਲ ਦੀ ਫਸਲ ਸਰ੍ਹੋਂ ਦਾ ਉਤਪਾਦਨ ਮਾਮੂਲੀ ਗਿਰਾਵਟ ਨਾਲ 91.1 ਲੱਖ ਟਨ 'ਤੇ ਰਹਿਣ ਦੀ ਉਮੀਦ ਹੈ ਜਿਹੜਾ ਕਿ ਪਿਛਲੇ ਸਾਲ ਤੋਂ 1.54 ਫੀਸਦੀ ਘੱਟ ਹੈ।