ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਸਬਕ ਸਿਖਾਏਗਾ ਭਾਰਤ

01/15/2020 1:50:36 PM

ਨਵੀਂ ਦਿੱਲੀ — ਪਹਿਲਾਂ ਕਸ਼ਮੀਰ ਅਤੇ ਹੁਣ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਲਗਾਤਾਰ ਭਾਰਤ 'ਤੇ ਹਮਲਾ ਬੋਲ ਰਹੇ ਹਨ। ਭਾਰਤ ਨੇ ਵੀ ਸਬਕ ਸਿਖਾਉਣ ਲਈ ਪਹਿਲਾਂ ਤਾਂ ਮਲੇਸ਼ੀਆ ਤੋਂ ਪਾਮ ਤੇਲ ਦੇ ਆਯਾਤ 'ਤੇ ਪਾਬੰਦੀ ਲਗਾਈ ਸੀ, ਪਰ ਹੁਣ ਪਾਬੰਦੀ ਦਾ ਦਾਇਰਾ ਵਧਾਉਣ ਦਾ ਮਨ ਬਣਾਇਆ ਹੈ। ਹੁਣ ਕੇਂਦਰ ਸਰਕਾਰ ਮਲੇਸ਼ੀਆ ਤੋਂ ਆਯਾਤ ਹੋਣ ਵਾਲੇ ਮਾਈਕ੍ਰੋ ਪ੍ਰੋਸੈਸਰਸ ਨੂੰ ਵੀ ਬੈਨ ਕਰ ਸਕਦੀ ਹੈ।

ਭਾਰਤ ਦਾ ਮੰਨਣਾ ਹੈ ਕਿ ਕਮਸ਼ੀਰ ਅਤੇ ਨਾਗਰਿਕਤਾ ਸੋਧ ਕਾਨੂੰਨ ਦੋਵੇਂ ਉਸ ਦੇ ਅੰਦਰੂਨੀ ਮਾਮਲੇ ਹਨ ਅਤੇ ਇਸ 'ਤੇ ਬੋਲਣ ਦਾ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੂੰ ਕੋਈ ਅਧਿਕਾਰ ਨਹੀਂ ਹੈ। ਹਾਲਾਂਕਿ ਮਹਾਤਿਰ ਮੁਹੰਮਦ ਨੇ ਵੀ ਸਾਫ ਕੀਤਾ ਹੈ ਕਿ ਉਹ ਇਸੇ ਹੀ ਤਰ੍ਹਾਂ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਆਪਣੀ ਰਾਏ ਰੱਖਦੇ ਰਹਿਣਗੇ। ਸੂਤਰਾਂ ਨੇ ਦੱਸਿਆ ਕਿ ਮਲੇਸ਼ੀਆ ਤੋਂ ਆਯਾਤ ਹੋਣ ਵਾਲੀ ਮਾਈਕ੍ਰੋਪ੍ਰੋਸੈਸਰ ਚਿਪ ਨੂੰ ਭਾਰਤ ਤਕਨੀਕੀਕਲ ਗਰਾਊਂਡਸ 'ਤੇ ਬੈਨ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਨ੍ਹਾਂ ਚਿਪਾਂ ਦਾ ਇਸਤੇਮਾਲ ਟੈਲੀਕਾਮ ਡਿਵਾਈਸਾਂ ਨੂੰ ਬਣਾਉਣ 'ਚ ਹੁੰਦਾ ਹੈ।

ਸੂਤਰਾਂ ਮੁਤਾਬਕ ਕਸਟਮ ਅਧਿਕਾਰੀਆਂ ਨੂੰ ਮਲੇਸ਼ੀਆ ਤੋਂ ਆਉਣ ਵਾਲੀ ਮਾਈਕ੍ਰੋਪ੍ਰੋਸੈਸਰ ਚਿਪ ਦੀ ਕੁਆਲਿਟੀ 'ਤੇ ਸਖਤ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਇਹ ਸ਼ਾਇਦ ਪਹਿਲਾਂ ਮਾਮਲਾ ਹੈ ਜਦੋਂ ਭਾਰਤ ਨੇ ਕਿਸੇ ਦੇਸ਼ ਦੇ ਸਿਆਸੀ ਵਿਚਾਰਾਂ ਨੂੰ ਲੈ ਕੇ ਉਸ 'ਤੇ ਇਸ ਤਰ੍ਹਾਂ ਦੀਆਂ ਸਖਤ ਵਪਾਰਕ ਪਾਬੰਦੀਆਂ ਲਗਾਈਆਂ ਹੋਣ।

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਕੀਤਾ ਪਲਟਵਾਰ

ਦੂਜੇ ਪਾਸੇ ਮੰਗਲਵਾਰ ਨੂੰ ਮੁਹੰਮਦ ਮਹਾਤਿਰ ਨੇ ਕਿਹਾ ਕਿ ਉਹ ਭਾਰਤ ਵਲੋਂ ਲਗਾਈ ਗਈ ਪਾਬੰਦੀ ਨੂੰ ਲੈ ਕੇ ਚਿੰਤਾ 'ਚ ਹੈ ਪਰ ਉਹ ਗਲਤ ਚੀਜ਼ਾਂ ਦੇ ਖਿਲਾਫ ਲਗਾਤਾਰ ਬੋਲਦੇ ਰਹਿਣਗੇ। ਉਨ੍ਹਾਂ ਨੇ ਕਿਹਾ, 'ਅਸੀਂ ਭਾਰਤ ਵਲੋਂ ਪਾਮ ਤੇਲ 'ਤੇ ਲਗਾਈ ਗਈ ਪਾਬੰਦੀ ਨੂੰ ਲੈ ਕੇ ਚਿੰਤਤ ਹਾਂ ਕਿਉਂਕਿ ਉਹ ਸਾਡਾ ਇਕ ਵੱਡਾ ਗਾਹਕ ਸੀ।'

ਬੈਨ ਕਾਰਨ ਮਲੇਸ਼ੀਆ ਪਰੇਸ਼ਾਨ

ਉਨ੍ਹਾਂ ਨੇ ਕਿਹਾ,'ਜੇਕਰ ਅਸੀਂ ਗਲਤ ਚੀਜ਼ਾਂ ਹੁੰਦੇ ਰਹਿਣ ਦਿਆਂਗੇ ਅਤੇ ਸਿਰਫ ਪੈਸੇ ਬਾਰੇ ਸੋਚਾਂਗੇ, ਤਾਂ ਇਸ ਤਰ੍ਹਾਂ ਨਾਲ ਕਾਫੀ ਕੁਝ ਗਲਤ ਹੁੰਦਾ ਰਹੇਗਾ।' ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ 94 ਸਾਲ ਦੇ ਨੇਤਾ ਨੇ ਭਾਰਤ ਵਲੋਂ ਪਾਮ ਤੇਲ 'ਤੇ ਲਗਾਈ ਗਈ ਪਾਬੰਦੀ ਨੂੰ ਲੈ ਕੇ ਕੋਈ ਰਸਤਾ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਭਾਰਤ ਨੇ ਮਲੇਸ਼ੀਆ ਤੋਂ ਆਉਣ ਵਾਲੇ ਪਾਮ ਤੇਲ ਨੂੰ ਮੁਕਤ ਇੰਪੋਰਟ ਡਿਊਟੀ ਕੈਟੇਗਰੀ 'ਚ ਰੱਖਿਆ ਹੋਇਆ ਸੀ, ਪਰ ਹੁਣ ਮਹਾਤਿਰ ਦੇ ਬਿਆਨਾਂ ਤੋਂ ਬਾਅਦ ਭਾਰਤ ਨੇ ਇਸ ਨੂੰ ਪਾਬੰਦੀ ਸ਼ੁਦਾ ਸ਼੍ਰੇਣੀ ਵਿਚ ਪਾ ਦਿੱਤਾ ਹੈ ਜਿਸ ਨਾਲ ਮਲੇਸ਼ੀਆ ਦੇ ਬਜ਼ਾਰ ਦਾ ਬੁਰਾ ਹਾਲ ਹੋ ਗਿਆ ਹੈ।

ਜਾਕਿਰ ਨਾਈਕ 'ਤੇ ਮਲੇਸ਼ੀਆ ਦੇ ਰੁਖ਼ ਤੋਂ ਵੀ ਭਾਰਤ ਨਰਾਜ਼

ਨਾਗਰਿਕਤਾ ਕਾਨੂੰਨ ਅਤੇ ਕਸ਼ਮੀਰ 'ਤੇ ਮਹਾਤਿਰ ਦੇ ਬਿਆਨਾਂ ਤੋਂ ਇਲਾਵਾ ਭਾਰਤ ਜਾਕਿਰ ਨਾਈਕ ਦੀ ਹਵਾਲਗੀ ਨੂੰ ਲੈ ਕੇ ਮਲੇਸ਼ੀਆ ਦੇ ਰੁਖ਼ ਤੋਂ ਵੀ ਨਾਰਾਜ਼ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਮਲੇਸ਼ੀਆ ਨਾਲ ਕਰੀਬ 17 ਅਰਬ ਡਾਲਰ ਦੇ ਵਪਾਰਕ ਸੰਬੰਧ ਹਨ। ਇਸ ਵਿਚ 6.4 ਅਰਬ ਡਾਲਰ ਦਾ ਨਿਰਯਾਤ ਅਤੇ 10.8 ਅਰਬ ਡਾਲਰ ਦਾ ਆਯਾਤ ਸ਼ਾਮਲ ਹੈ। 

 


Related News