ਕੋਰੋਨਾ : ਇਹ ਟੀਕਾ ਲਵਾਇਆ ਹੈ ਤਾਂ ਹਾਲੇ ਨਹੀਂ ਜਾ ਸਕੋਗੇ ਅਮਰੀਕਾ, ਯੂਰਪ

Sunday, May 23, 2021 - 04:31 PM (IST)

ਨਵੀਂ ਦਿੱਲੀ- ਭਾਰਤ ਵਿਚ ਇਸ ਸਮੇਂ ਦੋ ਕੋਵਿਡ ਟੀਕੇ ਕੋਵੀਸ਼ੀਲਡ ਤੇ ਕੋਵੈਕਸੀਨ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਪੂਤਨਿਕ-ਵੀ ਟੀਕੇ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ ਪਰ ਕੋਵੈਕਸੀਨ ਲਵਾਉਣ ਵਾਲੇ ਲੋਕਾਂ ਨੂੰ ਵਿਦੇਸ਼ ਯਾਤਰਾ ਲਈ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੋਰੋਨਾ ਟੀਕਾ ਲਵਾ ਚੁੱਕੇ ਲੋਕਾਂ ਨੂੰ ਕਈ ਦੇਸ਼ ਆਪਣੇ ਇੱਥੇ ਆਉਣ ਲਈ ਨਿਯਮਾਂ ਵਿਚ ਵੱਖ-ਵੱਖ ਤਰ੍ਹਾਂ ਛੋਟ ਦੇ ਰਹੇ ਹਨ ਪਰ 'ਭਾਰਤ ਬਾਇਓਟੈੱਕ' ਦੇ ਟੀਕੇ ਕੋਵੈਕਸੀਨ ਲਵਾ ਚੁੱਕੇ ਲੋਕ ਫਿਲਹਾਲ ਯੂ. ਐੱਸ. ਏ. ਅਤੇ ਯੂਰਪ ਨਹੀਂ ਜਾ ਸਕਦੇ।

ਕੀ ਹੈ ਕਾਰਨ-
ਇਸ ਦੀ ਵਜ੍ਹਾ ਇਹ ਹੈ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਆਪਣੀ ਸੂਚੀ ਵਿਚ ਜਿਨ੍ਹਾਂ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ, ਉਨ੍ਹਾਂ ਵਿਚ ਫਿਲਹਾਲ ਕੋਵੈਕਸੀਨ ਸ਼ਾਮਲ ਨਹੀਂ ਹੈ, ਜਿਸ ਕਾਰਨ ਇਸ ਟੀਕੇ ਨੂੰ ਲਵਾ ਰਹੇ ਲੋਕਾਂ ਨੂੰ ਵਿਦੇਸ਼ ਯਾਤਰਾ ਲਈ ਥੋੜ੍ਹਾ ਸਬਰ ਕਰਨਾ ਹੋਵੇਗਾ।

ਇਹ ਵੀ ਪੜ੍ਹੋ- SBI ਦਾ ਅਲਰਟ, NEFT ਜ਼ਰੀਏ ਅੱਜ ਦੋ ਵਜੇ ਤੱਕ ਨਹੀਂ ਟਰਾਂਸਫਰ ਹੋਣਗੇ ਪੈਸੇ

ਰਿਪੋਰਟਾਂ ਦਾ ਕਹਿਣਾ ਹੈ ਕਿ ਵਿਸ਼ਵ ਦੇ ਪ੍ਰਮੁੱਖ ਮੁਲਕ ਫਿਲਹਾਲ ਡਬਲਿਊ. ਐੱਚ. ਓ. ਦੀ ਸੂਚੀ ਵਿਚ ਸ਼ਾਮਲ ਟੀਕਿਆਂ ਨੂੰ ਲਵਾਉਣ ਵਾਲੇ ਲੋਕਾਂ ਨੂੰ ਹੀ ਵੀਜ਼ਾ ਦੇ ਰਹੇ ਹਨ। ਵੀਜ਼ਾ ਲਈ ਟੀਕੇ ਦਾ ਪ੍ਰਮਾਣ ਪੱਤਰ ਸਾਰੇ ਮੁਲਕਾਂ ਨੇ ਜ਼ਰੂਰੀ ਕੀਤਾ ਹੋਇਆ ਹੈ। ਇਨ੍ਹਾਂ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ ਵੀ ਸ਼ਾਮਲ ਹਨ। ਡਬਲਿਊ. ਐੱਚ. ਓ. ਦੀ ਸੰਕਟਕਾਲੀ ਵਰਤੋਂ ਸੂਚੀ (ਈ. ਯੂ. ਐੱਲ.) ਵਿਚ ਮੌਡਰਨਾ, ਫਾਈਜ਼ਰ, ਐਸਟ੍ਰਾਜੈਨੇਕਾ, ਜਾਨਸਨ ਐਂਡ ਜਾਨਸਨ, ਸਿਨੋਫਾਰਮ ਅਤੇ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਸ਼ਾਮਲ ਹਨ। ਇਸ ਵਿਚ ਫਿਲਹਾਲ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦਾ ਨਾਂ ਨਹੀਂ ਹੈ। ਜਿਸ ਕਾਰਨ ਵੀਜ਼ਾ ਮਿਲਣ ਵਿਚ ਦੇਰੀ ਹੋ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ : ਪੈਟਰੋਲ 95 ਰੁ: ਤੋਂ ਪਾਰ, ਝੋਨੇ ਦੇ ਸੀਜ਼ਨ ਤੱਕ ਇੰਨੇ ਰੁ: ਹੋਵੇਗਾ ਡੀਜ਼ਲ!

ਪ੍ਰਧਾਨ ਮੰਤਰੀ ਦੇ ਵੀ ਲੱਗੀ ਹੈ ਕੋਵੈਕਸੀਨ-
ਭਾਰਤ ਬਾਇਓਟੈੱਕ ਨੇ ਇਸ ਸੂਚੀ ਵਿਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਹੈ। ਡਬਲਿਊ. ਐੱਚ. ਓ. ਨੇ ਕਿਹਾ ਹੈ ਕਿ ਇਸ ਸਬੰਧ ਵਿਚ ਜੂਨ ਵਿਚ ਬੈਠਕ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਮੰਤਰੀਆਂ ਨੇ ਕੋਵੈਕਸੀਨ ਦੀ ਖੁਰਾਕ ਲਵਾਈ ਹੈ। ਉੱਥੇ ਹੀ, ਦੇਸ਼ ਵਿਚ ਹੁਣ ਤੱਕ ਕੋਵੈਕਸੀਨ ਦੇ 2 ਕਰੋੜ ਡੋਜ਼ ਲੱਗ ਚੁੱਕੇ ਹਨ। ਦਿੱਲੀ ਦੇ ਲਗਭਗ ਸਾਰੇ ਕੇਂਦਰੀ ਮੰਤਰਾਲਿਆਂ ਦੇ ਅਧਿਕਾਰੀਆਂ ਦੇ ਵੀ ਕੋਵੈਕਸੀਨ ਲੱਗੀ ਹੈ। ਫਿਲਹਾਲ ਵਿਦੇਸ਼ ਦੌਰੇ ਲਈ ਡਬਲਿਊ. ਐੱਚ. ਓ. ਦੀ ਸੂਚੀ ਵਿਚ ਇਸ ਦੇ ਸ਼ਾਮਲ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ।

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News