ਇਹ ਹਨ ਦੁਨੀਆ ਦੇ 10 ਸਭ ਤੋਂ ਸਸਤੇ-ਮਹਿੰਗੇ ਸ਼ਹਿਰ
Friday, Mar 16, 2018 - 10:31 AM (IST)
ਨਵੀਂ ਦਿੱਲੀ— ਦੁਨੀਆ ਭਰ ਦੇ ਪ੍ਰਮੁੱਖ ਸ਼ਹਿਰਾਂ 'ਚ ਕੀਤੇ ਗਏ ਇਕ ਸਰਵੇ 'ਚ ਦੇਸ਼ ਦੇ ਤਿੰਨ ਸ਼ਹਿਰ ਦਿੱਲੀ, ਬੇਂਗਲੁਰੂ ਅਤੇ ਚੇਨਈ ਨੂੰ ਸਭ ਤੋਂ ਸਸਤੇ ਸ਼ਹਿਰਾਂ 'ਚ ਸ਼ਾਮਲ ਕੀਤਾ ਗਿਆ ਹੈ। 'ਇਕੋਨਾਮਿਸਟ ਇੰਟੈਲੀਜੈਂਸ ਯੂਨਿਟ (ਈ. ਆਈ. ਯੂ.) ਨੇ ਇਹ ਸਰਵੇਖਣ ਰਿਪੋਰਟ ਤਿਆਰ ਕੀਤੀ ਹੈ। ਇਸ 'ਚ ਸਿੰਗਾਪੁਰ ਨੂੰ ਸਭ ਤੋਂ ਮਹਿੰਗਾ ਸ਼ਹਿਰ ਦੱਸਿਆ ਗਿਆ ਹੈ, ਯਾਨੀ ਇੱਥੇ ਰਹਿਣਾ ਸਭ ਤੋਂ ਮਹਿੰਗਾ ਹੈ। ਬੇਂਗਲੁਰੂ, ਚੇਨਈ ਅਤੇ ਨਵੀਂ ਦਿੱਲੀ ਦੁਨੀਆ ਦੇ ਟਾਪ-10 ਸਭ ਤੋਂ ਸਸਤੇ ਸ਼ਹਿਰਾਂ 'ਚ ਸ਼ਾਮਲ ਹਨ। ਹਾਲਾਂਕਿ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਇਕ ਤੇਜ਼ੀ ਨਾਲ ਵਧਦੀ ਹੋਈ ਅਰਥਵਿਵਸਥਾ ਦੇ ਰੂਪ 'ਚ ਜ਼ਰੂਰ ਉਭਰ ਰਿਹਾ ਹੈ ਪਰ ਇਸ ਦੇ ਬਾਵਜੂਦ ਤਨਖਾਹ ਅਤੇ ਖਰਚ ਕਰਨ ਦੇ ਮਾਮਲੇ 'ਚ ਇੱਥੇ ਦੀ ਗ੍ਰੋਥ ਹੁਣ ਵੀ ਕਾਫੀ ਘੱਟ ਹੈ। ਅੱਜ ਵੀ ਘਰ ਖਰਚ ਚਲਾਉਣ ਲਈ ਇੱਥੇ ਲੋਕਾਂ ਨੂੰ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਪੱਛਮੀ ਦੇਸ਼ਾਂ ਦੀ ਤੁਲਨਾ 'ਚ ਭਾਰਤ 'ਚ ਸਸਤੇ ਮੁੱਲ 'ਤੇ ਪੇਂਡੂ ਖੇਤਰਾਂ ਤੋਂ ਸ਼ਹਿਰੀ ਇਲਾਕਿਆਂ 'ਚ ਅਨਾਜ ਤੇ ਹੋਰ ਚੀਜ਼ਾਂ ਦੀ ਸਪਲਾਈ ਅਤੇ ਕੁਝ ਚੀਜ਼ਾਂ 'ਤੇ ਸਰਕਾਰੀ ਸਬਸਿਡੀ ਵੀ ਵਸਤੂਆਂ ਦੀ ਕੀਮਤ ਵਧਣ ਤੋਂ ਰੋਕਦੀ ਹੈ।
|
ਇਹ ਹਨ ਦੁਨੀਆ ਦੇ 10 ਸਭ ਤੋਂ ਸਸਤੇ ਸ਼ਹਿਰ |
|
| 1. ਦਮਸ਼ਿਕ | 6. ਕਰਾਚੀ |
| 2. ਕਾਰਾਕਸ | 7. ਅਲਜੀਅਰਸ |
| 3. ਅਲਮਾਤੀ | 8. ਚੇਨਈ |
| 4. ਲਾਗੋਸ | 9. ਬੁਕਾਰੈਸਟ |
| 5. ਬੇਂਗਲੁਰੂ | 10. ਦਿੱਲੀ |
ਰਿਪੋਰਟ ਮੁਤਾਬਕ ਸੀਰੀਆ ਦੀ ਰਾਜਧਾਨੀ ਦਮਸ਼ਿਕ ਦੁਨੀਆ ਦਾ ਸਭ ਤੋਂ ਸਸਤਾ ਸ਼ਹਿਰ ਹੈ। ਦਮਸ਼ਿਕ ਦੇ ਬਾਅਦ ਦੂਜੇ ਨੰਬਰ 'ਤੇ ਵੈਨੇਜ਼ੂਏਲਾ ਦੀ ਰਾਜਧਾਨੀ ਕਾਰਾਕਸ ਅਤੇ ਕਜ਼ਾਕਿਸਤਾਨ ਦਾ ਵਪਾਰਕ ਕੇਂਦਰ ਅਲਮਾਤੀ ਤੀਜੇ ਨੰਬਰ 'ਤੇ ਹਨ। ਦੁਨੀਆ ਦੇ ਹੋਰ ਟਾਪ-10 ਸ਼ਹਿਰਾਂ 'ਚ ਨਾਈਜੀਰੀਆ ਦਾ ਸ਼ਹਿਰ ਲਾਗੋਸ ਚੌਥੇ ਨੰਬਰ 'ਤੇ, ਬੇਂਗਲੂਰ 5ਵੇਂ, ਪਾਕਿਸਤਾਨ ਦਾ ਸ਼ਹਿਰ ਕਰਾਚੀ 6ਵੇਂ, ਅਲਜੀਰੀਆ ਦਾ ਸ਼ਹਿਰ ਅਲਜੀਅਰਸ 7ਵੇਂ, ਚੇਨਈ 8ਵੇਂ, ਰੋਮਾਨੀਆ ਦਾ ਸ਼ਹਿਰ ਬੁਕਾਰੈਸਟ 9ਵੇਂ ਅਤੇ ਦਿੱਲੀ 10ਵੇਂ ਨੰਬਰ 'ਤੇ ਹਨ। ਸਰਵੇ 'ਚ ਦੁਨੀਆ ਭਰ ਦੇ 133 ਸ਼ਹਿਰਾਂ 'ਚ 150 ਤੋਂ ਵਧ ਚੀਜ਼ਾਂ ਜਿਵੇਂ ਕਿ ਖਾਣ-ਪੀਣ ਦੇ ਖਰਚ, ਪਹਿਰਾਵਾ, ਰੋਜ਼ਾਨਾ ਜ਼ਰੂਰਤ ਦੇ ਸਾਮਾਨ, ਹੋਮ ਰੈਂਟ, ਬਿਜਲੀ-ਮੋਬਾਇਲ ਵਰਗੇ ਯੂਟਿਲਟੀ ਬਿੱਲ ਆਦਿ ਦੇ ਖਰਚ ਦੀ ਤੁਲਨਾ ਕੀਤੀ ਗਈ ਹੈ।

| ਇਹ ਹਨ ਦੁਨੀਆ ਦੇ 10 ਸਭ ਤੋਂ ਮਹਿੰਗੇ ਸ਼ਹਿਰ | |
| 1. ਸਿੰਗਾਪੁਰ | 6. ਜੈਨੇਵਾ |
| 2. ਪੈਰਿਸ | 7. ਸਿਓਲ |
| 3. ਜਿਊਰਿਕ | 8. ਕੋਪੇਨਹੈਗਨ |
| 4. ਹਾਂਗ-ਕਾਂਗ | 9. ਤੇਲ ਅਵੀਵ |
| 5. ਓਸਲੋ | 10. ਸਿਡਨੀ |
ਸਿੰਗਾਪੁਰ ਨੂੰ ਲਗਾਤਾਰ 5ਵੇਂ ਸਾਲ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਦਾ ਖਿਤਾਬ ਮਿਲਿਆ ਹੈ। ਦੂਜੇ ਸਥਾਨ 'ਤੇ ਫਰਾਂਸ ਦਾ ਸ਼ਹਿਰ ਪੈਰਿਸ, ਤੀਜੇ 'ਚ ਸਵਿਟਜ਼ਰਲੈਂਡ ਦਾ ਜਿਊਰਿਕ ਅਤੇ ਚੌਥੇ 'ਤੇ ਹਾਂਗ-ਕਾਂਗ ਹਨ। ਨਾਰਵੇ ਦਾ ਸ਼ਹਿਰ ਓਸਲੋ ਦੁਨੀਆ ਦਾ ਪੰਜਵਾਂ ਸਭ ਤੋਂ ਮਹਿੰਗਾ ਸ਼ਹਿਰ ਹੈ। ਇਸ ਦੇ ਬਾਅਦ ਸਵਿਟਜ਼ਰਲੈਂਡ ਦਾ ਜੈਨੇਵਾ 6ਵਾਂ, ਦੱਖਣੀ ਕੋਰੀਆ ਦਾ ਸਿਓਲ 7ਵਾਂ, ਡੈਨਮਾਰਕ ਦਾ ਕੋਪੇਨਹੈਗਨ 8ਵਾਂ, ਇਜ਼ਰਾਈਲ ਦਾ ਤੇਲ ਅਵੀਵ 9ਵਾਂ ਅਤੇ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ 10ਵਾਂ ਸਭ ਤੋਂ ਮਹਿੰਗਾ ਸ਼ਹਿਰ ਹੈ।
