ਸੋਨੇ ਦੇ ਹੋ ਸ਼ੌਕੀਨ, ਤਾਂ ਇੱਥੇ ਕਰੋ ਨਿਵੇਸ਼ ਮਿਲੇਗਾ ਵਿਆਜ, ਨਹੀਂ ਲੱਗੇਗਾ ਕੋਈ ਟੈਕਸ!

07/12/2017 3:44:39 PM

ਨਵੀਂ ਦਿੱਲੀ— ਜੇਕਰ ਤੁਸੀਂ ਸੋਨੇ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਅਤੇ ਦੁਚਿੱਤੀ 'ਚ ਹੋ ਕਿ ਜੀ. ਐੱਸ. ਟੀ. ਲਾਗੂ ਹੋਣ 'ਤੇ ਬਾਜ਼ਾਰ 'ਚ ਸੋਨਾ ਖਰੀਦੀਏ ਜਾਂ 'ਸਾਵਰੇਨ ਗੋਲਡ ਬਾਂਡ' ਤਾਂ ਇਹ ਖਬਰ ਤੁਹਾਡੀ ਉਲਝਣ ਦੂਰ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਸਵਰਣ ਬਾਂਡ 'ਚ ਨਿਵੇਸ਼ ਕਰਨ 'ਤੇ ਤੁਹਾਨੂੰ ਵਿਆਜ ਵੀ ਮਿਲਦਾ ਹੈ। ਇੰਨਾ ਹੀ ਨਹੀਂ ਵਿਆਜ ਸਮੇਤ ਸੋਨੇ ਦੀਆਂ ਕੀਮਤਾਂ 'ਚ ਆਈ ਤੇਜ਼ੀ ਮੁਤਾਬਕ ਰਿਟਰਨ ਵੀ ਮਿਲਦਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸੋਮਵਾਰ ਨੂੰ 'ਸਾਵਰੇਨ ਗੋਲਡ ਬਾਂਡ' ਦੀ 9ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਤਹਿਤ ਸਵਰਣ ਬਾਂਡ ਦੀ ਕੀਮਤ 50 ਰੁਪਏ ਦੀ ਛੋਟ ਨਾਲ 2,780 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ। ਇਸ 'ਚ 14 ਜੁਲਾਈ ਤਕ ਨਿਵੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਲਈ ਬਾਂਡ 28 ਜੁਲਾਈ ਨੂੰ ਜਾਰੀ ਕੀਤੇ ਜਾਣਗੇ।
ਕੀ ਹੈ ਸਵਰਣ ਬਾਂਡ, ਕਿੰਨਾ ਮਿਲੇਗਾ ਵਿਆਜ?

PunjabKesari
ਇਹ ਸੋਨੇ ਨੂੰ ਸ਼ੇਅਰਾਂ ਦੀ ਤਰ੍ਹਾਂ ਖਰੀਦਣ ਦਾ ਇਕ ਨਵਾਂ ਬਦਲ ਹੈ। ਇਸ 'ਚ ਖਰੀਦਦਾਰੀ ਛੋਟੇ ਹਿੱਸੇ 'ਚ ਵੀ ਕੀਤੀ ਜਾ ਸਕਦੀ ਹੈ। ਯਾਨੀ ਕਿ ਇਕ ਗ੍ਰਾਮ ਸੋਨੇ ਦੇ ਮੁੱਲ ਬਰਾਬਰ ਦੀ ਕੀਮਤ 'ਚ ਨਿਵੇਸ਼ ਕੀਤਾ ਜਾ ਸਕਦਾ ਹੈ। ਗੋਲਡ ਬਾਂਡ 'ਚ ਨਿਵੇਸ਼ ਕਰਨ ਦਾ ਫਾਇਦਾ ਇਹ ਹੈ ਕਿ ਇਸ ਬਾਂਡ 'ਤੇ ਨਾ ਜੀ. ਐੱਸ. ਟੀ. ਹੈ, ਨਾ ਮੇਕਿੰਗ ਚਾਰਜ ਅਤੇ ਨਾ ਹੀ ਕੋਈ ਟੈਕਸ ਹੈ। ਉੱਥੇ ਹੀ 'ਸਾਵਰੇਨ ਬਾਂਡ' 'ਚ ਨਿਵੇਸ਼ 'ਤੇ ਤੁਹਾਨੂੰ 2.50 ਫੀਸਦੀ ਸਾਲਾਨਾ ਵਿਆਜ ਵੀ ਮਿਲਦਾ ਹੈ। ਇਸ ਦੀ ਮਿਆਦ 8 ਸਾਲ ਹੈ। ਇਸ ਨੂੰ ਬੈਂਕ ਅਤੇ ਚੋਣਵੇਂ ਡਾਕਘਰ ਤੋਂ ਖਰੀਦਿਆ ਜਾ ਸਕਦਾ ਹੈ। ਜਿੱਥੇ ਸੋਨੇ ਦੇ ਗਹਿਣੇ ਖਰੀਦਣ 'ਤੇ ਮੇਕਿੰਗ ਚਾਰਜ, ਘਰ 'ਚ ਰੱਖਣ 'ਤੇ ਸੁਰੱਖਿਆ ਦੀ ਚਿੰਤਾ ਅਤੇ ਬੈਂਕ ਲਾਕਰ 'ਚ ਰੱਖਣ 'ਤੇ ਫੀਸ ਦਾ ਬੋਝ ਚੁੱਕਣਾ ਪੈਂਦਾ ਹੈ, ਉੱਥੇ ਹੀ ਸਵਰਣ ਬਾਂਡ 'ਚ ਇਸ ਦੀ ਕੋਈ ਚਿੰਤਾ ਨਹੀਂ ਹੈ। ਜਦੋਂ ਕਿ ਭੌਤਿਕ (ਫਿਜ਼ੀਕਲ) ਸੋਨਾ ਖਰੀਦਣ 'ਤੇ 3 ਫੀਸਦੀ ਜੀ. ਐੱਸ. ਟੀ. ਲੱਗੇਗਾ। ਹਾਲਾਂਕਿ ਇਨਕਮ ਟੈਕਸ ਐਕਟ-1961 ਤਹਿਤ ਬਾਂਡ 'ਤੇ ਮਿਲਣ ਵਾਲਾ ਵਿਆਜ ਟੈਕਸ ਯੋਗ ਹੋਵੇਗਾ।
ਹੋਰ ਕੀ ਹੈ ਫਾਇਦਾ?
ਸਵਰਣ ਬਾਂਡ ਦੀ ਮਿਆਦ 8 ਸਾਲ ਹੈ ਪਰ ਤੁਸੀਂ ਜ਼ਰੂਰਤ ਪੈਣ 'ਤੇ ਇਸ ਨੂੰ ਪਹਿਲਾਂ ਵੀ ਵੇਚ ਸਕਦੇ ਹੋ। ਸਵਰਣ ਬਾਂਡ ਨੂੰ ਸ਼ੇਅਰ ਬਾਜ਼ਾਰ 'ਚ ਵੇਚਣ ਦੀ ਸੁਵਿਧਾ ਹੈ। ਮਿਆਦ 8 ਸਾਲ ਹੈ ਪਰ ਜ਼ਰੂਰਤ ਪੈਣ 'ਤੇ 5 ਸਾਲ 'ਚ ਵੀ ਵੇਚ ਸਕਦੇ ਹੋ। ਨਿਵੇਸ਼ਕਾਂ ਦੀ ਖਰੀਦ-ਵਿਕਰੀ ਦੀ ਸੁਵਿਧਾ ਲਈ ਸਰਕਾਰ ਸਵਰਣ ਬਾਂਡ ਜਾਰੀ ਕਰਨ ਦੇ ਬਾਅਦ ਉਸ ਨੂੰ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕਰਵਾਉਂਦੀ ਹੈ। ਮਿਆਦ ਪੂਰੀ ਹੋਣ 'ਤੇ ਇਸ ਨੂੰ ਵੇਚਣ 'ਤੇ ਸੋਨੇ ਦੇ ਉਸ ਸਮੇਂ ਦੇ ਮੁੱਲ ਦੇ ਬਰਾਬਰ ਰਾਸ਼ੀ ਦੇ ਨਾਲ 2.50 ਫੀਸਦੀ ਸਾਲਾਨਾ ਵਿਆਜ ਵੀ ਮਿਲਦਾ ਹੈ। ਸਰਕਾਰ ਨੇ ਸਾਲ 2015 'ਚ ਪਹਿਲੀ ਵਾਰ ਇਸ ਨੂੰ ਜਾਰੀ ਕੀਤਾ ਸੀ। ਇਸ 'ਚ ਨਿਵੇਸ਼ ਸਾਲਾਨਾ 500 ਗ੍ਰਾਮ ਸੋਨੇ ਦੇ ਮੁੱਲ ਦੇ ਬਰਾਬਰ ਕੀਤਾ ਜਾ ਸਕਦਾ ਹੈ। ਸ਼ੇਅਰ ਬਾਜ਼ਾਰ ਲਈ ਡੀਮੈਟ ਖਾਤਾ ਜ਼ਰੂਰੀ ਹੁੰਦਾ ਹੈ ਪਰ ਸਰਕਾਰ ਨੇ ਸਵਰਣ ਬਾਂਡ 'ਚ ਨਿਵੇਸ਼ ਦੀ ਸੁਵਿਧਾ ਲਈ ਇਸ ਨੂੰ ਡੀਮੈਟ ਖਾਤੇ ਦੇ ਬਗੈਰ ਦਸਤਾਵੇਜ਼ ਦੇ ਰੂਪ 'ਚ ਖਰੀਦਣ ਦਾ ਵੀ ਬਦਲ ਦਿੱਤਾ ਹੈ। ਵਿੱਤੀ ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਨੂੰ ਬਾਜ਼ਾਰ 'ਚ ਉਤਰਾਅ-ਚੜ੍ਹਾਆ ਦੇ ਦੌਰ 'ਚ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਕੁੱਲ ਨਿਵੇਸ਼ ਦਾ ਸੋਨੇ 'ਚ ਪੰਜ-ਦਸ ਫੀਸਦੀ ਤੋਂ ਵਧ ਨਿਵੇਸ਼ ਨਹੀਂ ਕਰਨਾ ਚਾਹੀਦਾ। ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਬੈਂਕ ਜਾਂ ਡਾਕਖਾਨੇ 'ਚ ਇਸ ਨੂੰ ਚੰਗੀ ਤਰ੍ਹਾਂ ਜ਼ਰੂਰ ਸਮਝੋ।


Related News