ਬੈਂਕਾਂ ਕੋਲ ਪਈ ਹੈ 67004 ਕਰੋੜ ਰੁਪਏ ਦੀ ਅਨਕਲੇਮਡ ਰਾਸ਼ੀ

Monday, Jul 28, 2025 - 10:56 PM (IST)

ਬੈਂਕਾਂ ਕੋਲ ਪਈ ਹੈ 67004 ਕਰੋੜ ਰੁਪਏ ਦੀ ਅਨਕਲੇਮਡ ਰਾਸ਼ੀ

ਨਵੀਂ ਦਿੱਲੀ (ਇੰਟ.)-ਭਾਰਤ ਸਰਕਾਰ ਨੇ ਦੱਸਿਆ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ’ਚ ਕੁੱਲ 67,004 ਕਰੋੜ ਰੁਪਏ ਦੀ ਅਨਕਲੇਮਡ (ਬਿਨਾਂ ਦਾਅਵੇ ਵਾਲੀ) ਰਾਸ਼ੀ ਪਈ ਹੈ, ਜਿਸ ਨੂੰ ਕੋਈ ਗਾਹਕ, ਨਾਮਿਨੀ ਜਾਂ ਕਾਨੂੰਨੀ ਵਾਰਿਸ ਹੁਣ ਤੱਕ ਨਹੀਂ ਲੈ ਸਕਿਆ ਹੈ। ਸਿਰਫ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ’ਚ 19,329.92 ਕਰੋਡ਼ ਰੁਪਏ ਦੀ ਅਨਕਲੇਮਡ ਜਮ੍ਹਾ ਰਾਸ਼ੀ ਹੈ, ਜੋ ਕਿਸੇ ਕਾਰਨ ਕਈ ਸਾਲਾਂ ਤੋਂ ਛੂਹੀ ਨਹੀਂ ਗਈ। ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ (6,910.67 ਕਰੋੜ) ਅਤੇ ਕੇਨਰਾ ਬੈਂਕ (6,278.14 ਕਰੋੜ) ਦਾ ਨੰਬਰ ਆਉਂਦਾ ਹੈ।
ਪ੍ਰਾਈਵੇਟ ਬੈਂਕਾਂ ’ਚ ਆਈ. ਸੀ. ਆਈ. ਸੀ. ਆਈ. ਅਤੇ ਐੱਚ. ਡੀ. ਐੱਫ. ਸੀ. ਸਭ ਤੋਂ ਅੱਗੇ
ਪ੍ਰਾਈਵੇਟ ਬੈਂਕਾਂ ’ਚ ਆਈ. ਸੀ. ਆਈ. ਸੀ. ਆਈ. ਬੈਂਕ ਕੋਲ 2,063.45 ਕਰੋੜ ਅਤੇ ਐੱਚ. ਡੀ. ਐੱਫ. ਸੀ. ਬੈਂਕ ਕੋਲ 1,609.56 ਕਰੋੜ ਰੁਪਏ ਦੀ ਰਾਸ਼ੀ ਅਨਕਲੇਮਡ ਪਈ ਹੈ। ਪ੍ਰਾਈਵੇਟ ਬੈਂਕਾਂ ’ਚ ਕੁੱਲ 8,673.72 ਕਰੋੜ ਰੁਪਏ ਬਿਨਾਂ ਦਾਅਵੇ ਦੇ ਪਏ ਹਨ।

10 ਸਾਲਾਂ ਤੋਂ ਚੱਲ ਰਹੇ ਗੈਰ-ਕਿਰਿਆਸ਼ੀਲ ਖਾਤੇ ਕੀਤੇ ਜਾਂਦੇ ਹਨ ਟਰਾਂਸਫਰ
ਜਿਨ੍ਹਾਂ ਬੱਚਤ ਜਾਂ ਚਾਲੂ ਖਾਤਿਆਂ ’ਚ 10 ਸਾਲ ਤੱਕ ਕੋਈ ਲੈਣ-ਦੇਣ ਨਹੀਂ ਹੁੰਦਾ ਜਾਂ ਐੱਫ. ਡੀ. ਦੀ ਮੈਚਿਓਰਿਟੀ ਤੋਂ 10 ਸਾਲ ਬਾਅਦ ਵੀ ਦਾਅਵਾ ਨਹੀਂ ਕੀਤਾ ਜਾਂਦਾ, ਉਨ੍ਹਾਂ ਨੂੰ ਜਮ੍ਹਾਕਰਤਾ ਸਿੱਖਿਆ ਅਤੇ ਜਾਗਰੂਕਤਾ ਫੰਡ (ਡੀ. ਈ. ਏ. ਫੰਡ) ’ਚ ਟਰਾਂਸਫਰ ਕਰ ਦਿੱਤਾ ਜਾਂਦਾ ਹੈ, ਜਿਸ ਦਾ ਪ੍ਰਬੰਧਨ ਆਰ. ਬੀ. ਆਈ. ਕਰਦਾ ਹੈ।

‘ਉਦਗਮ’ ਪੋਰਟਲ ਦੇ ਜ਼ਰੀਏ ਲੱਭ ਸਕਦੇ ਹੋ ਆਪਣਾ ਪੈਸਾ
ਆਰ. ਬੀ. ਆਈ. ਨੇ ‘ਉਦਗਮ’ ਨਾਂ ਦਾ ਇਕ ਪੋਰਟਲ ਲਾਂਚ ਕੀਤਾ ਹੈ, ਜਿਸ ਨਾਲ ਲੋਕ ਆਪਣੇ ਨਾਂ ਨਾਲ ਸਾਰੇ ਬੈਂਕਾਂ ’ਚ ਪਈ ਬਿਨਾਂ ਦਾਅਵੇ ਵਾਲੀ ਰਾਸ਼ੀ ਲੱਭ ਸਕਦੇ ਹਨ। 1 ਜੁਲਾਈ 2025 ਤੱਕ 8.6 ਲੱਖ ਤੋਂ ਵੱਧ ਲੋਕ ਇਸ ਪੋਰਟਲ ਦੀ ਵਰਤੋਂ ਕਰ ਚੁੱਕੇ ਹਨ।


author

Hardeep Kumar

Content Editor

Related News