ਦੁਨੀਆਂ ਦੀ ਸਭ ਤੋਂ ਵੱਡੀ ਸੋਲਰ ਕੰਪਨੀ ਨੇ ਕੀਮਤਾਂ ਵਿੱਚ ਕੀਤੀ ਕਟੌਤੀ
05/31/2023 5:30:01 PM

ਨਵੀਂ ਦਿੱਲੀ - ਚੀਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸੋਲਰ ਨਿਰਮਾਣ ਕੰਪਨੀ Longyi Ge Green Energy Technology ਸਥਿਤ ਹੈ। ਇਸ ਸੋਲਰ ਕੰਪਨੀ ਨੇ ਆਪਣੇ ਮੁੱਖ ਉਪਕਰਣਾਂ ਦੀਆਂ ਕੀਮਤਾਂ ਵਿੱਚ 31% ਤੱਕ ਦੀ ਕਟੌਤੀ ਕਰ ਦਿੱਤੀ ਹੈ। ਇਸ ਮਾਮਲੇ ਦੇ ਸਬੰਧ ਵਿੱਚ ਕੰਪਨੀ ਦਾ ਕਹਿਣਾ ਹੈ ਕਿ ਇਸ ਸੈਕਟਰ 'ਚ ਨਿਰਮਾਣ ਸਮਰੱਥਾ ਲਗਾਤਾਰ ਵਧ ਰਹੀ ਹੈ, ਜਿਸ ਨਾਲ ਲਾਗਤ ਮੁਕਾਬਲੇਬਾਜ਼ੀ ਵੀ ਵਧ ਰਹੀ ਹੈ।
ਇਸ ਕਟੌਤੀ ਤੋਂ ਪਹਿਲਾਂ ਵੀ, ਫਰਵਰੀ ਤੋਂ ਬਾਅਦ ਸੋਲਰ ਸਿਲੀਕਾਨ ਦੀਆਂ ਕੀਮਤਾਂ ਵਿੱਚ 50% ਤੋਂ ਵੱਧ ਦੀ ਗਿਰਾਵਟ ਆਈ ਸੀ। ਲੋਗੀ ਗ੍ਰੀਨ ਨੇ ਮੁੱਖ ਤੌਰ 'ਤੇ ਵੇਫਰਾਂ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਵੇਫਰ ਸਿਲੀਕਾਨ ਦੇ ਬਣੇ ਵਰਗਾਕਾਰ ਟੁਕੜੇ ਹੁੰਦੇ ਹਨ, ਜੋ ਸੋਲਰ ਪੈਨਲਾਂ ਵਿੱਚ ਲਗਾਏ ਜਾਂਦੇ ਹਨ। ਸੂਤਰਾਂ ਅਨੁਸਾਰ ਪਿਛਲੇ ਸਾਲ ਇੰਡਸਟਰੀ 'ਚ ਸਪਲਾਈ ਚੇਨ ਦਾ ਸੰਕਟ ਪੈਣ ਕਾਰਨ ਕੁਝ ਸਮੱਗਰੀ ਦੀ ਘਾਟ ਹੋ ਗਈ ਸੀ। ਨਵੀਆਂ ਫੈਕਟਰੀਆਂ ਵਲੋਂ ਉਤਪਾਦਨ ਵਧਾਉਣ ਤੋਂ ਬਾਅਦ ਸਭ ਠੀਕ ਹੋ ਗਿਆ, ਜਿਸ ਕਾਰਨ ਕੀਮਤਾਂ ਵਿੱਚ ਗਿਰਾਵਟ ਆ ਗਈ।