ਤਾਲਿਬਾਨ ਨੇ BBC ਨਿਊਜ਼ ਪ੍ਰਸਾਰਣ ਅਤੇ ਵਾਇਸ ਆਫ਼ ਅਮਰੀਕਾ 'ਤੇ ਲਗਾਈ ਪਾਬੰਦੀ

03/28/2022 5:22:31 PM

ਕਾਬੁਲ - ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਦੀ ਮਨਮਾਨੀ ਮੀਡੀਆ ਅਤੇ ਅਫਗਾਨ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕਰ ਰਹੀਆਂ ਹਨ। ਤਾਲਿਬਾਨ, ਜੋ ਕਿ ਅੰਤਰਰਾਸ਼ਟਰੀ ਮੰਚ ਤੋਂ ਮਾਨਤਾ ਦੇ ਸੁਪਨੇ ਦੇਖਦਾ ਹੈ, ਨੇ ਆਪਣੀ ਸਰਕਾਰ ਬਣਾਉਣ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ। ਪ੍ਰਾਇਮਰੀ ਸਕੂਲ ਤੋਂ ਬਾਅਦ ਕੁੜੀਆਂ ਦੀ ਪੜ੍ਹਾਈ 'ਤੇ ਪਾਬੰਦੀ ਦਾ ਐਲਾਨ ਕਰਨ ਤੋਂ ਬਾਅਦ ਤਾਲਿਬਾਨ ਨੇ ਹੁਣ ਬੀਬੀਸੀ ਨਿਊਜ਼ ਪ੍ਰਸਾਰਣ ਅਤੇ ਵਾਇਸ ਆਫ਼ ਅਮਰੀਕਾ 'ਤੇ ਪਾਬੰਦੀ ਲਗਾ ਦਿੱਤੀ ਹੈ। ਬੀਬੀਸੀ ਦਾ ਕਹਿਣਾ ਹੈ ਕਿ ਪਸ਼ਤੋ, ਫਾਰਸੀ ਅਤੇ ਉਜ਼ਬੇਕ ਵਿੱਚ ਬੁਲੇਟਿਨ ਹਟਾ ਦਿੱਤੇ ਗਏ ਹਨ ਅਤੇ ਵੁਆਇਸ ਆਫ਼ ਅਮਰੀਕਾ ਨੂੰ ਵੀ ਪ੍ਰਸਾਰਨ ਰੋਕਣ ਦਾ ਆਦੇਸ਼ ਦਿੱਤਾ ਹੈ।

ਬ੍ਰਿਟੇਨ ਦੇ ਰਾਸ਼ਟਰੀ ਪ੍ਰਸਾਰਕ ਦੇ ਅਨੁਸਾਰ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੇ ਬੀਬੀਸੀ ਦੇ ਨਿਊਜ਼ ਬੁਲੇਟਿਨਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਬੀਬੀਸੀ ਨੇ ਐਤਵਾਰ ਨੂੰ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ "ਅਨਿਸ਼ਚਿਤਤਾ ਅਤੇ ਅਸ਼ਾਂਤੀ ਦੇ ਸਮੇਂ ਵਿੱਚ ਅਫਗਾਨਿਸਤਾਨ ਦੇ ਲੋਕਾਂ ਲਈ ਇਹ ਚਿੰਤਾਜਨਕ ਸਥਿਤੀ ਹੈ। 

ਇਹ ਵੀ ਪੜ੍ਹੋ : ਤਿੰਨ ਸਾਲਾਂ 'ਚ 10 ਪਰਮਾਣੂ ਰਿਐਕਟਰ ਦਾ ਨਿਰਮਾਣ ਕਰੇਗਾ ਭਾਰਤ, 1.05 ਲੱਖ ਕਰੋੜ ਰੁਪਏ ਦੀ ਆਵੇਗੀ ਲਾਗਤ

ਬੀਬੀਸੀ ਵਰਲਡ ਸਰਵਿਸ ਦੇ ਭਾਸ਼ਾਵਾਂ ਦੇ ਮੁਖੀ ਤਾਰਿਕ ਕਾਫਲਾ ਨੇ ਕਿਹਾ ਕਿ 60 ਲੱਖ ਤੋਂ ਵੱਧ ਅਫਗਾਨ ਲੋਕ ਬੀਬੀਸੀ ਦੀਆਂ "ਸੁਤੰਤਰ ਅਤੇ ਨਿਰਪੱਖ ਪੱਤਰਕਾਰੀ" ਸੇਵਾਵਾਂ ਲੈਂਦੇ ਹਨ ਅਤੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਪਹੁੰਚ ਤੋਂ ਵਾਂਝੇ ਨਾ ਕੀਤਾ ਜਾਵੇ। ਬੀਬੀਸੀ ਪੱਤਰਕਾਰ ਯਲਦਾ ਹਕੀਮ ਨੇ ਕਾਫਲਾ ਦਾ ਬਿਆਨ ਟਵੀਟ ਕੀਤਾ ਹੈ ਜਿਸ ਵਿਚ ਲਿਖਿਆ ਹੈ "ਅਸੀਂ ਤਾਲਿਬਾਨ ਤੋਂ ਆਪਣਾ ਫ਼ੈਸਲਾ ਵਾਪਸ ਲੈਂਣ ਦੀ ਅਪੀਲ ਕਰਦੇ ਹਾਂ ਅਤੇ ਆਪਣੇ ਟੀ.ਵੀ. ਸਾਂਝੇਦਾਰਾਂ ਨੂੰ ਤੁਰੰਤ ਸੇਵਾ ਸ਼ੁਰੂ ਕਰਨ ਦੀ ਮੰਗ ਕਰਦੇ ਹਾਂ।

ਵਾਇਸ ਆਫ ਅਮਰੀਕਾ ਨੂੰ ਵੀ ਬੰਦ ਕਰ ਦਿੱਤਾ ਗਿਆ ਜਰਮਨ ਨਿਊਜ਼ ਏਜੰਸੀ ਡੀਪੀਏ ਨੇ ਅਫਗਾਨ ਮੀਡੀਆ ਕੰਪਨੀ ਮੋਬੀ ਗਰੁੱਪ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਨੇ ਤਾਲਿਬਾਨ ਦੀ ਖੁਫੀਆ ਏਜੰਸੀ ਦੇ ਆਦੇਸ਼ਾਂ ਤੋਂ ਬਾਅਦ ਵਾਇਸ ਆਫ ਅਮਰੀਕਾ (ਵੀਓਏ) ਦਾ ਪ੍ਰਸਾਰਣ ਵੀ ਬੰਦ ਕਰ ਦਿੱਤਾ ਹੈ। ਡੀਪੀਏ ਨੇ ਕਿਹਾ ਕਿ ਸੂਚਨਾ ਅਤੇ ਸੱਭਿਆਚਾਰ ਮੰਤਰਾਲੇ ਦੇ ਬੁਲਾਰੇ ਅਬਦੁਲ ਹੱਕ ਹਮਦ ਨੇ ਇਸ ਦੀ ਪੁਸ਼ਟੀ ਕੀਤੀ ਹੈ । ਅੰਤਰਰਾਸ਼ਟਰੀ ਪ੍ਰਸਾਰਕਾਂ ਨੂੰ ਸੰਚਾਲਨ ਤੋਂ ਰੋਕਣ ਲਈ ਤਾਲਿਬਾਨ ਦਾ ਕਦਮ ਕੁੜੀਆਂ ਦੇ ਸੈਕੰਡਰੀ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੇ ਫੈਸਲੇ ਤੋਂ ਪਿੱਛੇ ਹਟਣ ਤੋਂ ਕੁਝ ਦਿਨ ਬਾਅਦ ਆਇਆ ਹੈ। ਜਦੋਂ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਤਾਂ ਦੇਸ਼ ਭਰ 'ਚ ਸਕੂਲ ਬੰਦ ਕਰ ਦਿੱਤੇ ਗਏ।

ਪਿਛਲੇ ਹਫਤੇ, ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਪਰਿਵਾਰ ਨੇ ਤਾਲਿਬਾਨ ਖਿਲਾਫ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਤਜ਼ਰ ਪੁਰਸਕਾਰ ਜੇਤੂ ਦਾਨਿਸ਼ ਦੀ 16 ਜੁਲਾਈ 2021 ਨੂੰ ਹੱਤਿਆ ਕਰ ਦਿੱਤੀ ਗਈ ਸੀ। ਤਾਲਿਬਾਨ 'ਤੇ ਕਤਲ ਦਾ ਦੋਸ਼ ਸੀ। ਪਰਿਵਾਰ ਦੇ ਵਕੀਲ ਨੇ ਕਿਹਾ ਕਿ ਦਾਨਿਸ਼ ਦੀ ਹੱਤਿਆ ਲਈ ਜ਼ਿੰਮੇਵਾਰ ਉੱਚ ਪੱਧਰੀ ਤਾਲਿਬਾਨ ਕਮਾਂਡਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਉਦੇਸ਼ ਨਾਲ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਇਹ ਵੀ ਪੜ੍ਹੋ : ਭਾਰਤ ਨੇ ਰੂਸ ਤੋਂ ਦਰਾਮਦ ਹੋਣ ਵਾਲੀ LNG ਲਈ ਡਾਲਰ 'ਚ ਕੀਤਾ ਭੁਗਤਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News