''ਕੋਰੋਨਾ ਦੀ ਦੂਜੀ ਲਹਿਰ ਨਾਲ ਭਾਰਤ ਨੂੰ ਹੋਇਆ ਸੁਨਾਮੀ ਵਰਗਾ ਨੁਕਸਾਨ''
Friday, May 07, 2021 - 11:17 AM (IST)
ਨਵੀਂ ਦਿੱਲੀ (ਇੰਟ.) – ਦੇਸ਼ ਦੀ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ’ਚ ਸ਼ਾਮਲ ਬਾਇਓਕਾਨ ਦੀ ਫਾਊਂਡਰ ਕਿਰਨ ਮਜੂਮਦਾਰ ਸ਼ਾ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਭਾਰਤ ਨੂੰ ਸੁਨਾਮੀ ਵਰਗਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ਬਹੁਤ ਜ਼ਿਆਦਾ ਵਧਣ ਪਿੱਛੇ ਸੂਬਿਆਂ ’ਚ ਚੋਣਾਂ ਅਤੇ ਧਾਰਮਿਕ ਆਯੋਜਨ ਵੱਡੇ ਕਾਰਨ ਹਨ।
ਕੋਰੋਨਾ ਦੀ ਦੂਜੀ ਲਹਿਰ ਕਾਰਨ ਭਾਰਤ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਹਾਮਾਰੀ ਦੇ ਰੋਜ਼ਾਨਾ ਤਿੰਨ ਲੱਖ ਤੋਂ ਵੱਧ ਨਵੇਂ ਮਾਮਲੇ ਮਿਲ ਰਹੇ ਹਨ ਅਤੇ ਹਸਪਤਾਲਾਂ ’ਚ ਬੈੱਡ ਅਤੇ ਆਕਸੀਜਨ ਦੀ ਭਾਰੀ ਕਮੀ ਹੋ ਗਈ ਹੈ।
ਸ਼ਾ ਨੇ ਵਨ ਸ਼ੇਅਰ ਵਰਲਡ ਵਲੋਂ ਦੁਨੀਆ ਭਰ ’ਚ ਵੈਕਸੀਨ ਦੀ ਸਥਿਤੀ ’ਤੇ ਆਯੋਜਿਤ ਇਕ ਵਰਚੁਅਲ ਚਰਚਾ ’ਚ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਸੁਨਾਮੀ ਵਾਂਗ ਟਕਰਾਈ ਹੈ। ਮੰਦਭਾਗੀ ਗੱਲ ਇਹ ਹੈ ਕਿ ਇਸ ਨੇ ਦੇਸ਼ ਦੇ ਕਿਸੇ ਹਿੱਸੇ ਨੂੰ ਨਹੀਂ ਛੱਡਿਆ ਹੈ। ਇਸ ਵਾਰ ਸ਼ਹਿਰਾਂ ਦੇ ਨਾਲ ਹੀ ਪਿੰਡਾਂ ’ਚ ਵੀ ਲੋਕ ਇਨਫੈਕਟਡ ਹੋਏ ਹਨ ਕਿਉਂਕਿ ਕੁਝ ਸੂਬਿਆਂ ’ਚ ਚੋਣਾਂ ਹੋਣ ਦੇ ਨਾਲ ਹੀ ਧਾਰਮਿਕ ਆਯੋਜਨ ਵੀ ਕੀਤੇ ਗਏ, ਜਿਸ ਕਾਰਨ ਇਹ ਮੁਸ਼ਕਲ ਕਾਫੀ ਵਧ ਗਈ।
ਸ਼ਾ ਨੇ ਸੰਕਟ ਦੇ ਇਸ ਦੌਰ ’ਚ ਭਾਰਤ ਦੀ ਮਦਦ ਲਈ ਕਈ ਦੇਸ਼ਾਂ ਦੇ ਅੱਗੇ ਆਉਣ ਦਾ ਸਵਾਗਤ ਕੀਤਾ।