ਲਗਜ਼ਰੀ ਕਾਰਾਂ ਤੇ ਸੁਪਰ ਬਾਈਕਸ ਦੀ ਵਿਕਰੀ ’ਤੇ ਮੰਦੀ ਰਹੀ ਬੇਅਸਰ

10/10/2019 11:39:31 AM

ਨਵੀਂ ਦਿੱਲੀ — ਆਟੋ ਸੈਕਟਰ ਪਿਛਲੇ ਕਰੀਬ 8 ਮਹੀਨਿਆਂ ਤੋਂ ਮੰਦੀ ਦੇ ਦੌਰ ’ਚੋਂ ਲੰਘ ਰਿਹਾ ਹੈ। ਫੈਸਟੀਵਲ ਸੀਜ਼ਨ ’ਚ ਵੀ ਦੇਸ਼ ਦੀਆਂ ਜ਼ਿਆਦਾਤਰ ਵੱਡੀਆਂ ਕਾਰਾਂ ਅਤੇ ਬਾਈਕ ਕੰਪਨੀਆਂ ਨੂੰ ਚੰਗੀ ਵਿਕਰੀ ਨਹੀਂ ਮਿਲ ਰਹੀ ਹੈ ਪਰ ਲਗਜ਼ਰੀ ਕਾਰਾਂ ਅਤੇ ਸੁਪਰ ਬਾਈਕਸ ’ਤੇ ਮੰਦੀ ਦਾ ਅਸਰ ਨਹੀਂ ਰਿਹਾ।

ਘਰੇਲੂ ਵਾਹਨ ਵਿਨਿਰਮਾਤਾਵਾਂ ਦੇ ਸੰਗਠਨ ਸਿਆਮ ਦੀ ਮੰਨੀਏ ਤਾਂ 500 ਸੀ. ਸੀ. ਤੋਂ ਜ਼ਿਆਦਾ ਪਾਵਰ ਵਾਲੀ ਬਾਈਕਸ ਦੀ ਵਿਕਰੀ ’ਚ ਇਸ ਸਾਲ ਅਪ੍ਰੈਲ ਤੋਂ ਅਗਸਤ ਦੌਰਾਨ 4 ਗੁਣਾ ਦਾ ਵਾਧਾ ਦਰਜ ਕੀਤਾ ਗਿਆ ਹੈ। ਉਥੇ ਹੀ ਫੈਸਟੀਵਲ ਸੀਜ਼ਨ ਦੌਰਾਨ ਜਰਮਨੀ ਦੀ ਕੰਪਨੀ ਮਰਸਡੀਜ਼ ਬੈਂਜ਼ ਨੇ ਇਕ ਦਿਨ ’ਚ 200 ਤੋਂ ਜ਼ਿਆਦਾ ਕਾਰਾਂ ਦੀ ਡਲਿਵਰੀ ਕੀਤੀ। ਇਹ ਅੰਕੜੇ ਸਾਬਤ ਕਰਦੇ ਹਨ ਕਿ ਲਗਜ਼ਰੀ ਕਾਰਾਂ ਅਤੇ ਸੁਪਰ ਬਾਈਕਸ ਦੀ ਵਿਕਰੀ ’ਤੇ ਮੰਦੀ ਦਾ ਕੋਈ ਅਸਰ ਨਹੀਂ ਹੈ।

ਇਕ ਦਿਨ ’ਚ 200 ਤੋਂ ਜ਼ਿਆਦਾ ਕਾਰਾਂ ਦੀ ਡਲਿਵਰੀ

ਮਰਸਡੀਜ਼ ਬੈਂਜ਼ ਕਾਰ ਕੰਪਨੀ ਮੁਤਾਬਕ ਉਸ ਵੱਲੋਂ ਮੁੰਬਈ, ਗੁਜਰਾਤ ਅਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਇਕ ਹੀ ਦਿਨ ’ਚ 200 ਤੋਂ ਜ਼ਿਆਦਾ ਕਾਰਾਂ ਦੀ ਡਲਿਵਰੀ ਕੀਤੀ ਗਈ। ਕੰਪਨੀ ਮੁਤਾਬਕ ਦੁਸਹਿਰੇ ’ਤੇ ਇਕੱਲੇ ਮੁੰਬਈ ’ਚ 125 ਤੋਂ ਜ਼ਿਆਦਾ ਕਾਰਾਂ ਦੀ ਡਲਿਵਰੀ ਕੀਤੀ ਗਈ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਉਥੇ ਹੀ ਗੁਜਰਾਤ ’ਚ 74 ਕਾਰਾਂ ਦੀ ਡਲਿਵਰੀ ਨਰਾਤਿਆਂ ’ਤੇ ਕੀਤੀ ਗਈ ਹੈ।


Related News