ਲੋਨ ਦੀ ਪ੍ਰਕਿਰਿਆ ਨੂੰ ਆਸਾਨ ਕਰਨ ਦੀ ਕੋਸ਼ਿਸ਼ ''ਚ ਸਰਕਾਰੀ ਬੈਂਕ, ਲਿਆਉਣਗੇ ਵੈੱਬ ਪੋਰਟਲ
Sunday, Jul 01, 2018 - 03:30 AM (IST)
ਨਵੀਂ ਦਿੱਲੀ-ਹੁਣ ਤੁਹਾਨੂੰ ਕਿਸੇ ਨਿੱਜੀ ਬੈਂਕ ਦੇ ਮੁਕਾਬਲੇ ਸਰਕਾਰੀ ਬੈਂਕ ਤੋਂ ਆਸਾਨੀ ਨਾਲ ਲੋਨ ਮਿਲ ਸਕਦਾ ਹੈ। ਸਰਕਾਰੀ ਬੈਂਕ ਇਕ ਅਜਿਹਾ ਕਾਮਨ ਪੋਰਟਲ ਲਿਆਉਣ ਦੀ ਤਿਆਰੀ ਕਰ ਰਹੇ ਹਨ, ਜਿਥੇ ਪਰਸਨਲ, ਹਾਊਸਿੰਗ ਅਤੇ ਹੋਰ ਲੋਨ ਆਫਰ ਕੀਤੇ ਜਾਣਗੇ। ਇਸ ਪੋਰਟਲ ਨੂੰ ਲਿਆਉਣ 'ਚ ਸਰਕਾਰ ਮਦਦ ਕਰੇਗੀ ਅਤੇ ਅੱਗੇ ਇਸ ਦੀ ਵਰਤੋਂ ਲਘੂ ਉਦਯੋਗ ਲਈ ਕਰਜ਼ਾ ਦੇਣ 'ਚ ਵੀ ਕੀਤੀ ਜਾ ਸਕਦੀ ਹੈ।
ਵਿੱਤ ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਬੈਂਕਿੰਗ ਨੂੰ ਆਸਾਨ ਕਰਨ ਦੀ ਦਿਸ਼ਾ 'ਚ ਚੁੱਕਿਆ ਜਾਣ ਵਾਲਾ ਕਦਮ ਹੋਵੇਗਾ ਅਤੇ ਇਸ ਨਾਲ ਗਾਹਕਾਂ ਨੂੰ ਕਰਜ਼ੇ ਲਈ ਭੱਜਦੌੜ ਨਹੀਂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਬੈਂਕਿੰਗ ਨਾਲ ਜੋੜਨ ਲਈ ਪਹਿਲਾਂ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਚਲਾਈ। ਇਹ ਉਸੇ ਦਿਸ਼ਾ 'ਚ ਇਕ ਅੱਗੇ ਦਾ ਕਦਮ ਹੈ।
ਅਧਿਕਾਰੀ ਨੇ ਦੱਸਿਆ ਕਿ ਇਸ ਬਾਰੇ ਜਨਤਕ ਖੇਤਰ ਦੇ ਬੈਂਕਾਂ ਨੇ ਆਪਸ 'ਚ ਗੱਲ ਕੀਤੀ ਹੈ। ਦਰਅਸਲ ਨਿੱਜੀ ਬੈਂਕਾਂ ਦੇ ਮੁਕਾਬਲੇ ਸਰਕਾਰੀ ਬੈਂਕਾਂ ਦਾ ਲੋਨ ਪੋਰਟਫੋਲੀਓ ਕਮਜ਼ੋਰ ਹੈ। ਇਸ ਨੂੰ ਵਧਾਉਣ ਲਈ ਸਰਕਾਰੀ ਬੈਂਕ ਇਹ ਯੋਜਨਾ ਬਣਾ ਰਹੇ ਹਨ। ਜਨਤਕ ਖੇਤਰ ਦੇ ਬੈਂਕਾਂ ਦੀ ਔਸਤ ਕ੍ਰੈਡਿਟ ਗ੍ਰੋਥ ਮਾਰਚ, 2018 'ਚ 4.7 ਫ਼ੀਸਦੀ ਸੀ। ਉਥੇ ਹੀ ਨਿੱਜੀ ਬੈਂਕਾਂ ਦੀ 20.9 ਫ਼ੀਸਦੀ ਸੀ। ਅਧਿਕਾਰੀ ਨੇ ਕਿਹਾ ਕਿ ਬੈਂਕ ਇਸ ਟਰੈਂਡ ਨੂੰ ਪਲਟ ਦੇਣਾ ਚਾਹੁੰਦੇ ਹਨ।
