ਸਬਜ਼ੀਆਂ ਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਨੇ ਜੇਬ ''ਤੇ ਪਾਇਆ ਬੋਝ, ਥਾਲੀ ਹੋਈ ਮਹਿੰਗੀ
Tuesday, Jan 07, 2025 - 10:37 AM (IST)
ਮੁੰਬਈ(ਭਾਸ਼ਾ) – ਟਮਾਟਰ ਅਤੇ ਆਲੂ ਵਰਗੀਆਂ ਰਸੋਈ ਦੀਆਂ ਆਮ ਵਰਤੀਆਂ ਜਾਣ ਵਾਲੀਆਂ ਖੁਰਾਕ ਵਸਤਾਂ ਦੇ ਮਹਿੰਗਾ ਹੋਣ ਨਾਲ ਦਸੰਬਰ ’ਚ ਘਰ ਦਾ ਬਣਿਆ ਖਾਣਾ ਮਹਿੰਗਾ ਹੋ ਗਿਆ। ਸੋਮਵਾਰ ਨੂੰ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।
ਸਾਖ ਨਿਰਧਾਰਨ (ਰੇਟਿੰਗ) ਕਰਨ ਵਾਲੀ ਏਜੰਸੀ ਕ੍ਰਿਸਿਲ ਲਿਮਟਿਡ ਦੀ ਰਿਪੋਰਟ ਅਨੁਸਾਰ ਸਬਜ਼ੀਆਂ ਦੀਆਂ ਕੀਮਤਾਂ ’ਚ ਤੇਜ਼ੀ ਦੇ ਕਾਰਨ ਘਰ ’ਚ ਬਣੀ ਸ਼ਾਕਾਹਾਰੀ ਥਾਲੀ ਦੀ ਕੀਮਤ ਦਸੰਬਰ ’ਚ ਸਾਲਾਨਾ ਆਧਾਰ ’ਤੇ 6 ਫੀਸਦੀ ਵਧ ਕੇ 31.60 ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ 29.70 ਰੁਪਏ ਸੀ। ਹਾਲਾਂਕਿ ਇਹ ਕੀਮਤ ਨਵੰਬਰ ਮਹੀਨੇ ਦੀ 32.70 ਰੁਪਏ ਦੀ ਦਰ ਤੋਂ ਘੱਟ ਹੈ।
ਰੋਟੀ, ਚੌਲ ਦਰ ਰਿਪੋਰਟ ’ਚ ਜੋ ਆਮ ਆਦਮੀ ਦੇ ਭੋਜਨ ’ਤੇ ਖਰਚੇ ਦੀ ਸਮੀਖਿਆ ਕਰਦੀ ਹੈ, ’ਚ ਕ੍ਰਿਸਿਲ ਨੇ ਪਾਇਆ ਕਿ ਮਾਸਾਹਾਰੀ ਥਾਲੀ ਦੀ ਲਾਗਤ ਦਸੰਬਰ ’ਚ ਸਾਲਾਨਾ ਆਧਾਰ ’ਤੇ 12 ਫੀਸਦੀ ਅਤੇ ਮਹੀਨਾਵਾਰ ਆਧਾਰ ’ਤੇ 3 ਫੀਸਦੀ ਵਧ ਕੇ 63.30 ਰੁਪਏ ਹੋ ਗਈ।
ਖੁਰਾਕ ਪਦਾਰਥਾਂ ਦੇ ਮਹਿੰਗੇ ਹੋਣ ਦੇ ਕਾਰਨਾਂ ਦੀ ਵਿਆਖਿਆ ਕਰਦੇ ਹੋਏ ਰਿਪੋਰਟ ’ਚ ਕਿਹਾ ਗਿਆ ਹੈ ਕਿ ਦਸੰਬਰ ’ਚ ਟਮਾਟਰ ਦੀਆਂ ਕੀਮਤਾਂ 24 ਫੀਸਦੀ ਵਧ ਕੇ 38 ਤੋਂ 47 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਜਦਕਿ ਆਲੂ ਦੀਆਂ ਕੀਮਤਾਂ 50 ਫੀਸਦੀ ਵਧ ਕੇ 36 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ।
ਰਿਪੋਰਟ ਕਹਿੰਦ ਹੈ ਕਿ ਸਰਕਾਰ ਵੱਲੋਂ ਦਰਾਮਦ ਡਿਊਟੀ ’ਚ ਵਾਧੇ ਦੇ ਕਾਰਨ ਵਨਸਪਤੀ ਤੇਲ ਦੀ ਕੀਮਤ ’ਚ 16 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਆਮ ਆਦਮੀ ਦੀ ਪ੍ਰੇਸ਼ਾਨੀ ਵਧ ਗਈ ਹੈ।