ATF ਦੀ ਕੀਮਤ ਵਿਚ ਵਾਧਾ, ਕੌਮਾਂਤਰੀ ਰੂਟ 'ਤੇ ਸਫ਼ਰ ਹੋ ਸਕਦਾ ਹੈ ਮਹਿੰਗਾ

Tuesday, Feb 16, 2021 - 02:20 PM (IST)

ATF ਦੀ ਕੀਮਤ ਵਿਚ ਵਾਧਾ, ਕੌਮਾਂਤਰੀ ਰੂਟ 'ਤੇ ਸਫ਼ਰ ਹੋ ਸਕਦਾ ਹੈ ਮਹਿੰਗਾ

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਕੀਮਤਾਂ ਕਾਰਨ ਮਚੀ ਹਾਹਾਕਾਰ ਵਿਚਕਾਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਹਵਾਬਾਜ਼ੀ ਈਂਧਣ ਯਾਨੀ ਏ. ਟੀ. ਐੱਫ. ਦੀ ਕੀਮਤ ਵਿਚ ਵੀ 16 ਫਰਵਰੀ ਨੂੰ ਵਾਧਾ ਕਰ ਦਿੱਤਾ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਏ. ਟੀ. ਐੱਫ. ਦੀ ਕੀਮਤ 1,942.5 ਰੁਪਏ ਯਾਨੀ 3.6 ਫ਼ੀਸਦੀ ਵਧਾ ਕੇ 55,737.91 ਰੁਪਏ ਪ੍ਰਤੀ ਕਿਲੋਲੀਟਰ ਕਰ ਦਿੱਤੀ ਗਈ ਹੈ। ਇਸ ਨਾਲ ਇੱਥੋਂ ਕੌਮਾਂਤਰੀ ਉਡਾਣ ਭਰਨ ਵਾਲੇ ਜਹਾਜ਼ਾਂ ਦੇ ਕਿਰਾਏ ਵਿਚ ਵਾਧਾ ਹੋ ਸਕਦਾ ਹੈ। ਮੌਜੂਦਾ ਸਮੇਂ ਸ਼ਡਿਊਲਡ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਹੈ ਪਰ ਵੱਖ-ਵੱਖ ਦੇਸ਼ਾਂ ਨਾਲ ਦੋ-ਪੱਖੀ ਸਮਝੌਤੇ ਤਹਿਤ ਵਿਸ਼ੇਸ਼ ਉਡਾਣਾਂ ਚੱਲ ਰਹੀਆਂ ਹਨ।

ਹਾਲਾਂਕਿ, ਇਸ ਨਾਲ ਘਰੇਲੂ ਹਵਾਈ ਕਿਰਾਏ ਵਧਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਸਰਕਾਰ ਨੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕਿਰਾਏ ਦੀ ਹੱਦ ਨਿਰਧਾਰਤ ਕੀਤੀ ਹੋਈ ਹੈ। ਇਹ ਜ਼ਰੂਰ ਹੈ ਕਿ ਹਾਲ ਹੀ ਵਿਚ ਸਰਕਾਰ ਨੇ ਇਸ ਹੱਦ ਦੇ ਕਿਰਾਏ ਵਿਚ 10 ਤੋਂ 30 ਫ਼ੀਸਦੀ ਤੱਕ ਵਾਧਾ ਕੀਤਾ ਹੈ। ਮਿਸਾਲ ਦੇ ਤੌਰ 'ਤੇ 40 ਮਿੰਟ ਤੋਂ ਘੱਟ ਦੀ ਉਡਾਣ ਲਈ ਘੱਟੋ-ਘੱਟ ਕਿਰਾਇਆ ਹੁਣ 2,200 ਰੁਪਏ ਹੈ ਅਤੇ ਵੱਧ ਤੋਂ ਵੱਧ ਇਹ 7,800 ਰੁਪਏ ਤੱਕ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਹ 2,000 ਰੁਪਏ ਤੋਂ 6,000 ਰੁਪਏ ਵਿਚਕਾਰ ਸੀ। 25 ਮਈ ਨੂੰ ਸ਼ਡਿਊਲਡ ਘਰੇਲੂ ਉਡਾਣਾਂ ਦੀ ਮੁੜ ਸ਼ੁਰੂਆਤ ਤੋਂ ਬਾਅਦ ਹਵਾਬਾਜ਼ੀ ਟਰਬਾਈਨ ਈਂਧਨ ਦੀ ਕੀਮਤ ਪਹਿਲਾਂ ਵੀ ਤਿੰਨ ਵਾਰ ਵਧਾਈ ਜਾ ਚੁੱਕੀ ਹੈ।


author

Sanjeev

Content Editor

Related News