ਕਿਸਾਨਾਂ ਲਈ ਜ਼ਰੂਰੀ ਖਬਰ, ਹੁਣ ਇੰਨੇ ਘੰਟੇ ਚੱਲਣਗੇ ਟਿਊਬਵੈੱਲ
Sunday, Oct 14, 2018 - 03:42 PM (IST)

ਪਟਿਆਲਾ— ਹੁਣ ਕਿਸਾਨਾਂ ਨੂੰ ਇਕ ਦਿਨ ਛੱਡ ਕੇ 10 ਘੰਟੇ ਬਿਜਲੀ ਮਿਲੇਗੀ, ਯਾਨੀ ਟਿਊਬਵੈੱਲ ਇਕ ਦਿਨ ਛੱਡ ਕੇ ਹੀ ਚੱਲਣਗੇ। ਝੋਨੇ ਦਾ ਸੀਜ਼ਨ ਲੰਘ ਚੁੱਕਾ ਹੈ। ਕਿਸਾਨਾਂ ਨੇ ਕਣਕ, ਆਲੂ ਵਰਗੀਆਂ ਹਾੜ੍ਹੀ ਫਸਲਾਂ ਦੀ ਬਿਜਾਈ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਵਿਚਕਾਰ ਪਾਵਰਕਾਮ ਨੇ ਅਕਤੂਬਰ ਤੋਂ ਮਾਰਚ ਮਹੀਨੇ ਤਕ ਦੀ ਯੋਜਨਾ ਬਣਾ ਲਈ ਹੈ। ਜਾਣਕਾਰੀ ਮੁਤਾਬਕ ਹਾੜ੍ਹੀ ਦੀਆਂ ਫਸਲਾਂ ਨੂੰ ਮੁੱਖ ਰੱਖਦਿਆਂ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) 14 ਅਕਤੂਬਰ ਤੋਂ 31 ਮਾਰਚ 2019 ਤਕ ਸੂਬੇ 'ਚ ਖੇਤੀਬਾੜੀ ਖਪਤਕਾਰਾਂ ਨੂੰ 1 ਦਿਨ ਛੱਡ ਕੇ 10 ਘੰਟੇ ਬਿਜਲੀ ਸਪਲਾਈ ਕਰੇਗਾ।
ਇਸ ਤੋਂ ਇਲਾਵਾ ਸਬਜ਼ੀ ਗਰੁੱਪ ਵਾਲੇ ਫੀਡਰਾਂ ਨੂੰ ਰੋਜ਼ਾਨਾ 5 ਘੰਟੇ ਬਿਜਲੀ ਮਿਲੇਗੀ। ਪਾਵਰਕਾਮ ਵੱਲੋਂ ਹਰ ਸਬ-ਸਟੇਸ਼ਨ ਦੇ ਖੇਤੀਬਾੜੀ ਫੀਡਰਾਂ ਨੂੰ 4 ਗਰੁੱਪਾਂ 'ਚ ਵੰਡਿਆ ਗਿਆ ਹੈ, ਜਿਸ 'ਚ ਦੋ ਗਰੁੱਪਾਂ ਨੂੰ ਇਕ ਦਿਨ ਬਿਜਲੀ ਦਿੱਤੀ ਜਾਵੇਗੀ ਅਤੇ ਬਾਕੀ ਦੋ ਗਰੁੱਪਾਂ ਨੂੰ ਅਗਲੇ ਦਿਨ ਬਿਜਲੀ ਦਿੱਤੀ ਜਾਵੇਗੀ।
ਸਰਹੱਦੀ ਇਲਾਕਿਆਂ ਦੇ ਖੇਤੀਬਾੜੀ ਖਪਤਕਾਰਾਂ ਨੂੰ ਵੀ ਇਕ ਦਿਨ ਛੱਡ ਕੇ 10 ਘੰਟੇ ਬਿਜਲੀ ਸਪਲਾਈ ਕੀਤੀ ਜਾਵੇਗੀ। ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਹੁਣ ਹਾੜ੍ਹੀ ਦੇ ਸੀਜ਼ਨ 'ਚ ਬਿਜਲੀ ਸਪਲਾਈ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਕਨੀਕੀ ਕਾਰਨ ਕਿਸੇ ਗਰੁੱਪ 'ਚ ਬਿਜਲੀ ਘੱਟ ਮਿਲਦੀ ਹੈ ਤਾਂ ਅਗਲੇ 24 ਘੰਟਿਆਂ 'ਚ ਸੰਬੰਧਤ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰਵਾਈ ਜਾਵੇਗੀ।