ਪ੍ਰਾਇਮਰੀ ਸਟੀਲ ਉਦਯੋਗ ’ਚ 2047 ਤੱਕ 50 ਫੀਸਦੀ ‘ਰੀਸਾਈਕਲ’ ਇਸਪਾਤ ਦੀ ਵਰਤੋਂ ਨੂੰ ਬੜ੍ਹਾਵਾ ਦੇਵੇਗੀ ਸਰਕਾਰ
Sunday, Feb 05, 2023 - 07:00 PM (IST)

ਕੋਚੀ (ਭਾਸ਼ਾ) – ਕੇਂਦਰੀ ਇਸਪਾਤ ਮੰਤਰੀ ਜੋਤਿਰਾਦਿੱਤਯ ਸਿੰਧੀਆ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ‘ਰੀਸਾਈਕਲ’ ਯਾਨੀ ਰੀਸਾਈਕਲਡ ਸਟੀਲ ਨੂੰ ਬੜ੍ਹਾਵਾ ਦੇ ਰਿਹਾ ਹੈ। ਇਸ ਦੇ ਤਹਿਤ ਪ੍ਰਾਇਮਰੀ ਸਟੀਲ ਉਤਪਾਦਕਾਂ ਵਲੋਂ 2047 ਤੱਕ ਕੱਚੇ ਮਾਲ ਦੇ ਰੂਪ ’ਚ 50 ਫੀਸਦੀ ‘ਰੀਸਾਈਕਲ’ ਇਸਪਾਤ ਦੇ ਇਸਤੇਮਾਲ ’ਤੇ ਜ਼ੋਰ ਦਿੱਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸੋਮਿਆਂ ਦੇ ਅਨੁਕੂਲ ਵਰਤੋਂ ਵਾਲੀ ਅਰਥਵਿਵਸਥਾ ਬਣਾਉਣ ਦੇ ਸਰਕਾਰ ਦੇ ਟੀਚੇ ਨੂੰ ਹਾਸਲ ਕਰਨ ’ਚ ਮਦਦ ਮਿਲੇਗੀ। ਇਸ ਸਮੇਂ ਪ੍ਰਾਇਮਰੀ ਸਟੀਲ ਉਦਯੋਗ ’ਚ ਰੀਸਾਈਕਲਡ ਸਟੀਲ ਦੇ ਇਸਤੇਮਾਲ ਦਾ ਪੱਧਰ ਕਰੀਬ 15 ਫੀਸਦੀ ਹੈ ਜਦ ਕਿ ਇਹ ਉਦਯੋਗ ਕੁੱਲ ਘਰੇਲੂ ਇਸਪਾਤ ਉਤਪਾਦਨ ’ਚ 22.5 ਫੀਸਦੀ ਦਾ ਯੋਗਦਾਨ ਦਿੰਦਾ ਹੈ। ਮੰਤਰੀ ਨੇ ਇੱਥੇ ਪਦਾਰਥ ਰੀਸਾਈਕਲ ’ਤੇ ਕੌਮਾਂਤਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਤਿੰਨ ਦਿਨਾਂ ਤੱਕ ਚੱਲੇ ਇਸ ਸੰਮੇਲਨ ਦਾ ਆਯੋਜਨ ‘ਮੈਟੇਰੀਅਲ ਰੀਸਾਈਕਲਿੰਗ ਐਸੋਸੀਏਸ਼ਨ ਆਫ ਇੰਡੀਆ’ ਨੇ ਕੀਤਾ। ਇਸ ’ਚ 38 ਦੇਸ਼ਾਂ ਦੇ 2000 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ।