Shopping mall ਦੇ ਸੰਚਾਲਕ ਨੂੰ ਲੱਗਾ ਮੋਟਾ ਜੁਰਮਾਨਾ, ਸਕੀਮ ਦਾ ਲਾਭ ਦੇਣ ਤੋਂ ਕੀਤਾ ਸੀ ਇਨਕਾਰ
Thursday, Jul 25, 2024 - 01:49 PM (IST)
ਛਤਰਪੁਰ (ਇੰਟ.) - ਮਾਲ ਸੰਚਾਲਕ ਨੇ ਸਾਮਾਨ ਖਰੀਦਣ ਦੇ ਬਦਲੇ ਛੋਟ ਦੇ ਕੂਪਨ ਦਿੱਤੇ ਸਨ ਪਰ ਜਦੋਂ ਅਗਲੀ ਵਾਰ ਸਾਮਾਨ ਲੈਣ ਜਾਣ ਦੌਰਾਨ ਛੋਟ ਦੇ ਕੂਪਨ ਦੀ ਵਰਤੋਂ ਕੀਤੀ ਤਾਂ 2 ਕੂਪਨ ਦੀ ਥਾਂ ’ਤੇ ਇਕ ਕੂਪਨ ਦਾ ਹੀ ਲਾਭ ਮਿਲਿਆ। ਖਪਤਕਾਰ ਨੇ ਸੰਚਾਲਕ ਦੇ ਕਹੇ ਅਨੁਸਾਰ ਛੋਟ ਮੰਗੀ ਤਾਂ ਉਸ ਨੇ ਮਨ੍ਹਾ ਕਰ ਦਿੱਤਾ।
ਨਤੀਜੇ ਵਜੋਂ ਖਪਤਕਾਰ ਨੇ ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੀ ਸ਼ਰਨ ਲਈ। ਫੈਸਲਾ ਖਪਤਕਾਰ ਦੇ ਪੱਖ ’ਚ ਆਇਆ ਹੈ। 1500 ਦੀ ਬਚਤ ਦੇ ਬਦਲੇ ਮਾਲ ਸੰਚਾਲਕ ਨੂੰ 30,000 ਰੁਪਏ ਦਾ ਚੂਨਾ ਲੱਗ ਗਿਆ।
ਕੀ ਹੈ ਮਾਮਲਾ
ਜਾਣਕਾਰੀ ਮੁਤਾਬਕ ਸ਼ਹਿਰ ਦੇ ਗੱਲਾਮੰਡੀ ਸਰਾਫਾ ਮਾਰਗ ਦੇ ਰਹਿਣ ਵਾਲੇ ਅਭਿਸ਼ੇਕ ਖਰੇ ਨੇ ਨੌਗਾਂਵ ਰੋਡ ’ਤੇ ਸਥਿਤ ਵਿਸ਼ਾਲ ਮੈਗਾ ਮਾਰਟ ਤੋਂ 13 ਜੁਲਾਈ 2023 ਨੂੰ ਨਿੱਜੀ ਲੋੜ ਦਾ ਸਾਮਾਨ 7528 ਰੁਪਏ ’ਚ ਖਰੀਦਿਆ ਸੀ। ਮਾਲ ਸੰਚਾਲਕ ਨੇ 500 ਰੁਪਏ ਦੀ ਕੀਮਤ ਦੇ 6 ਕੂਪਨ ਦਿੱਤੇ ਸਨ, ਜੋ 31 ਜੁਲਾਈ 2023, 31 ਅਗਸਤ 2023 ਅਤੇ 30 ਸਤੰਬਰ 2023 ਤੱਕ ਵਰਤੋਂ ਕੀਤੇ ਜਾ ਸਕਦੇ ਸਨ।
28 ਜੁਲਾਈ 2023 ਨੂੰ ਖਰੇ ਘਰੇਲੂ ਸਾਮਾਨ ਦੀ ਖਰੀਦਦਾਰੀ ਕਰਨ ਮਾਲ ’ਚ ਪੁੱਜੇ ਅਤੇ ਉਨ੍ਹਾਂ ਨੇ 2702 ਰੁਪਏ ਦਾ ਭੁਗਤਾਨ ਕੀਤਾ। ਮਾਲ ਸੰਚਾਲਕ ਨੇ ਸਿਰਫ 500 ਰੁਪਏ ਦਾ ਇਕ ਕੂਪਨ ਹੀ ਯੋਗ ਕੀਤਾ, ਜਦੋਂਕਿ ਪਹਿਲਾਂ ਮਾਲ ਸੰਚਾਲਕ ਵੱਲੋਂ ਕਿਹਾ ਗਿਆ ਸੀ ਕਿ 7528 ਰੁਪਏ ਦਾ ਸਾਮਾਨ ਖਰੀਦਣ ਦੇ ਬਦਲੇ 500 ਰੁਪਏ ਕੀਮਤ ਦੇ 2 ਕੂਪਨ ਹਰ ਮਹੀਨੇ ਡਿਸਕਾਊਂਟ ’ਚ ਵਰਤੋਂ ਕੀਤੇ ਜਾ ਸਕਣਗੇ।
ਇਹ ਹੈ ਫੈਸਲਾ
ਪੂਰੇ ਮਾਮਲੇ ਨੂੰ ਸੁਣਨ ਅਤੇ ਤੱਥਾਂ ਨੂੰ ਪਰਖਣ ਤੋਂ ਬਾਅਦ ਕਮਿਸ਼ਨ ਦੇ ਪ੍ਰਧਾਨ ਸਨਤ ਕੁਮਾਰ ਕਸ਼ਯਪ, ਮੈਂਬਰ ਨਿਸ਼ਾ ਗੁਪਤਾ ਅਤੇ ਧੀਰਜ ਕੁਮਾਰ ਗਰਗ ਨੇ ਮਾਮਲੇ ਨੂੰ ਸਵੀਕਾਰ ਕਰ ਕੇ ਮਾਲ ਸੰਚਾਲਕ ਖਿਲਾਫ ਆਦੇਸ਼ ਪਾਸ ਕੀਤਾ। ਮਾਲ ਸੰਚਾਲਕ ਖਪਤਕਾਰ ਨੂੰ ਸੇਵਾ ’ਚ ਕਮੀ ਦੇ ਬਦਲੇ 25,000 ਰੁਪਏ ਅਤੇ ਕੇਸ ਖਰਚ ਦੇ ਰੂਪ ’ਚ 5000 ਰੁਪਏ ਦੇਵੇਗਾ। ਇਸ ਮਾਮਲੇ ਦੀ ਪੈਰਵੀ ਐਡਵੋਕੇਟ ਮਨੀਸ਼ ਭਾਗਰਵ ਅਤੇ ਅਭਿਲੇਖ ਖਰੇ ਨੇ ਕੀਤੀ। ਇਸ ਫੈਸਲੇ ਨਾਲ ਉਨ੍ਹਾਂ ਖਪਤਕਾਰਾਂ ਨੂੰ ਬੱਲ ਮਿਲੇਗਾ, ਜੋ ਮਾਲ ਸੰਚਾਲਕਾਂ ਦੀ ਠੱਗੀ ਦਾ ਸ਼ਿਕਾਰ ਹੁੰਦੇ ਹਨ।