ਕੋਵਿਡ-19 ਮਹਾਮਾਰੀ ਨੇ ਸਮਾਜ ਅਤੇ ਕੰਪਨੀਆਂ ਦੀ ਭੂਮਿਕਾ ਨੂੰ ਕੀਤਾ ਉਜਾਗਰ
Sunday, May 09, 2021 - 10:21 AM (IST)
ਅਹਿਮਦਾਬਾਦ (ਭਾਸ਼ਾ) – ਆਦਿੱਤਯ ਬਿਰਲਾ ਸਮੂਹ ਦੇ ਪ੍ਰਧਾਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਬਿਹਤਰ ਨਤੀਜਿਆਂ ਲਈ ਨਾ ਸਿਰਫ ਸਰਕਾਰਾਂ ਦੀ ਭੂਮਿਕਾ ’ਤੇ ਸਗੋਂ ਸਮਾਜ, ਕੰਪਨੀਆਂ ਅਤੇ ਆਮ ਲੋਕਾਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਹੈ। ਬਿਰਲਾ ਭਾਰਤੀ ਪ੍ਰਬੰਧਨ ਸੰਸਥਾਨ, ਅਹਿਮਦਾਬਾਦ (ਆਈ. ਆਈ. ਐੱਮ. ਏ.) ਦੇ 56ਵੇਂ ਕਨਵੋਕੇਸ਼ਨ ’ਚ ਬੋਲ ਰਹੇ ਸਨ, ਜਿਸ ਨੂੰ ਵਰਚੁਅਲ ਤੌਰ ’ਤੇ ਆਯੋਜਿਤ ਕੀਤਾ ਗਿਆ ਸੀ। ਬਿਰਲਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮਹਾਮਾਰੀ ਅਤੇ ਪਿਛਲੇ 12 ਮਹੀਨਿਆਂ ਨੇ ਸਾਡੇ ਸਾਰਿਆਂ ਲਈ ਬਿਹਤਰ ਨਤੀਜੇ ਲਿਆਉਣ ਲਈ ਇਕ ਵਾਰ ਮੁੜ ਨਾ ਸਿਰਫ ਸਰਕਾਰਾਂ ਦੀ ਭੂਮਿਕਾ ਨੂੰ ਸਗੋਂ ਸਮਾਜ, ਕੰਪਨੀਆਂ ਅਤੇ ਆਮ ਲੋਕਾਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਹੈ।
ਬਿਰਲਾ ਜੋ ਆਈ. ਆਈ. ਐੱਮ. ਏ. ਦੇ ਪ੍ਰਸ਼ਾਸਨਿਕ ਬੋਰਡ ਦੇ ਪ੍ਰਧਾਨ ਵੀ ਹਨ, ਨੇ ਵਿਦਿਆਰਥੀਆਂ ਨੂੰ ‘ਗੰਦੀ’ ਸੋਚ ਨਾ ਰੱਖਣ ਦੇ ਨਾਲ ਹੀ ਆਪਣੇ ਵਿਚਾਰਾਂ ’ਚ ਨਿਮਰਤਾ ਲਿਆਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਤੁਸੀਂ ਸਪ੍ਰੈੱਡਸ਼ੀਟ ਦੇ ਨਾਲ ਕਾਰੋਬਾਰ ਨਹੀਂ ਬਣਾ ਸਕਦੇ ਹੋ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਮਨੁੱਖਤਾ ਇਸ ਮਹਾਮਾਰੀ ’ਤੇ ਜਿੱਤ ਹਾਸਲ ਕਰੇਗੀ ਅਤੇ ਇਸ ਨੁਕਸਾਨ, ਪੀੜਾ, ਡਰ ਅਤੇ ਬਰਬਾਦੀ ਦੀਆਂ ਕਹਾਣੀਆਂ ਤੋਂ ਉਸ ਪਾਰ ਮਨੁੱਖਤਾ ਦੀ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀਆਂ ਅਤੇ ਗਾਹਕਾਂ ਨੇ ਡਿਜੀਟਲੀਕਰਨ ਨੂੰ ਅਪਣਾਇਆ ਹੈ, ਜਿਸ ਨਾਲ ਨਵੀਨਤਾ ਨੂੰ ਬੜ੍ਹਾਵਾ ਮਿਲਿਆ ਹੈ।