ਫਰਵਰੀ ’ਚ 443 ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਲਾਗਤ 4.92 ਲੱਖ ਕਰੋੜ ਰੁਪਏ ਵਧੀ
Monday, Apr 01, 2024 - 11:58 AM (IST)
ਨਵੀਂ ਦਿੱਲੀ (ਭਾਸ਼ਾ) - ਡੇਢ ਸੌ ਕਰੋੜ ਰੁਪਏ ਨਾਲੋਂ ਵੱਧ ਨਿਵੇਸ਼ ਵਾਲੀ 443 ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਲਾਗਤ ’ਚ ਫਰਵਰੀ ਮਹੀਨੇ ’ਚ 4.92 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅਧਿਕਾਰਕ ਰਿਪੋਰਟ ’ਚ ਇਹ ਕਿਹਾ ਗਿਆ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਦਾ ਮੰਤਰਾਲਾ ਅਨੁਸਾਰ 1,902 ਪ੍ਰਾਜੈਕਟਾਂ ’ਚੋਂ 443 ਦੀ ਲਾਗਤ ’ਚ ਵਾਧੇ ਦੀ ਸੂਚਨਾ ਮਿਲੀ ਅਤੇ 764 ਪ੍ਰਾਜੈਕਟਾਂ ’ਚ ਦੇਰੀ ਹੋਈ।
ਮੰਤਰਾਲਾ 150 ਕਰੋੜ ਰੁਪਏ ਅਤੇ ਉਸ ਨਾਲੋਂ ਵੱਧ ਦੀ ਬੁਨਿਆਦੀ ਢਾਂਚਾ ਪ੍ਰਾਜੈਕਟਾਂ ’ਤੇ ਨਜ਼ਰ ਰੱਖਦਾ ਹੈ। ਮੰਤਰਾਲਾ ਦੀ ਫਰਵਰੀ 2024 ਦੀ ਰਿਪੋਰਟ ਅਨੁਸਾਰ, ‘‘1,902 ਪ੍ਰਾਜੈਕਟਾਂ ਦੇ ਲਾਗੂ ਕਰਨ ਦੀ ਕੁੱਲ ਮੂਲ ਲਾਗਤ 27,08,030.44 ਕਰੋੜ ਰੁਪਏ ਸੀ। ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੀ ਅੰਦਾਜ਼ਨ ਲਾਗਤ 32,00,507.55 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। ਇਹ ਕੁੱਲ ਲਾਗਤ ’ਚ 4,92,477.11 ਕਰੋੜ ਰੁਪਏ (ਮੂਲ ਲਾਗਤ ਦਾ 18.19 ਫੀਸਦੀ) ਦੇ ਵਾਧੇ ਨੂੰ ਦੱਸਦਾ ਹੈ। ਰਿਪੋਰਟ ਮੁਤਾਬਕ ਫਰਵਰੀ 2024 ਤੱਕ ਇਨ੍ਹਾਂ ਪ੍ਰਾਜੈਕਟਾਂ ’ਤੇ 16,76,739 ਕਰੋੜ ਰੁਪਏ ਦਾ ਖਰਚ ਆਇਆ ਜੋ ਪ੍ਰਾਜੈਕਟਾਂ ਦੀ ਅੰਦਾਜ਼ਨ ਲਾਗਤ ਦਾ 52.39 ਫੀਸਦੀ ਹੈ। ਜੇਕਰ ਪ੍ਰਾਜੈਕਟਾਂ ਦੇ ਲਾਗੂ ਕਰਨ ਦੇ ਤਾਜ਼ਾ ਪ੍ਰੋਗਰਾਮ ਨੂੰ ਦੇਖਿਆ ਜਾਵੇ ਤਾਂ ਜਿਨ੍ਹਾਂ ਪ੍ਰਾਜੈਕਟਾਂ ’ਚ ਦੇਰੀ ਹੋਈ ਹੈ, ਉਨ੍ਹਾਂ ਦੀ ਗਿਣਤੀ ਘੱਟ ਹੋ ਕੇ 568 ਰਹੀ।
ਇਸ ਤੋਂ ਇਲਾਵਾ 389 ਪ੍ਰਾਜੈਕਟਾਂ ਦੇ ਨਾ ਤਾਂ ਚਾਲੂ ਹੋਣ ਦਾ ਸਾਲ ਅਤੇ ਨਾ ਹੀ ਉਨ੍ਹਾਂ ਦੇ ਪੂਰਾ ਹੋਣ ’ਚ ਲੱਗਣ ਵਾਲੇ ਸਮੇਂ ਦੇ ਬਾਰੇ ’ਚ ਸੂਚਨਾ ਦਿੱਤੀ ਗਈ ਹੈ। ਜਿਨ੍ਹਾਂ 764 ਪ੍ਰਾਜੈਕਟਾਂ ’ਚ ਦੇਰੀ ਹੋਈ ਹੈ, ਉਨ੍ਹਾਂ ’ਚੋਂ 188 ’ਚ ਦੇਰੀ ਇਕ ਤੋਂ 12 ਮਹੀਨੇ ਦੀ ਹੈ। ਉਥੇ ਹੀ 185 ਪ੍ਰਾਜੈਕਟਾਂ ਦੇ ਮਾਮਲੇ ’ਚ ਦੇਰੀ 13 ਤੋਂ 24 ਮਹੀਨੇ, 275 ਪ੍ਰਾਜੈਕਟਾਂ ਦੇ ਮਾਮਲੇ ’ਚ ਦੇਰੀ 25 ਤੋਂ 60 ਮਹੀਨੇ ਅਤੇ 116 ਪ੍ਰਾਜੈਕਟਾਂ ਦੇ ਮਾਮਲੇ ’ਚ 60 ਮਹੀਨੇ ਤੋਂ ਵੱਧ ਦੀ ਦੇਰੀ ਹੋਈ ਹੈ। ਰਿਪੋਰਟ ਅਨੁਸਾਰ ਦੇਰੀ ਵਾਲੇ 764 ਪ੍ਰਾਜੈਕਟਾਂ ’ਚ ਔਸਤ ਦੇਰੀ 36.27 ਮਹੀਨੇ ਦੀ ਹੈ। ਪ੍ਰਾਜੈਕਟਾਂ ’ਚ ਦੇਰੀ ਜ਼ਮੀਨ ਗ੍ਰਹਿਣ ’ਚ ਦੇਰੀ, ਵਣ ਅਤੇ ਵਾਤਾਵਰਣ ਮਨਜ਼ੂਰੀ ’ਚ ਦੇਰੀ ਸਮੇਤ ਹੋਰ ਕਾਰਨਾਂ ਨਾਲ ਹੋਈ ਹੈ।