ਸ਼੍ਰੀਲੰਕਾ ਦੇ ਕੇਂਦਰੀ ਬੈਂਕ ਨੇ ਇੱਕ ਵਾਰ ਫਿਰ ਤੋਂ ਵਿਆਜ ਦਰਾਂ ''ਚ ਕੀਤੀ ਕਟੌਤੀ
Thursday, Jul 06, 2023 - 02:47 PM (IST)
ਕੋਲੰਬੋ (ਭਾਸ਼ਾ) - ਸ਼੍ਰੀਲੰਕਾ ਦੇ ਕੇਂਦਰੀ ਬੈਂਕ ਨੇ ਵੀਰਵਾਰ ਨੂੰ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਕੇਂਦਰੀ ਬੈਂਕ ਦੇ ਇਸ ਕਦਮ ਦਾ ਉਦੇਸ਼ ਨਕਦੀ ਦੀ ਤੰਗੀ ਨਾਲ ਜੂਝ ਰਹੇ ਟਾਪੂ ਦੇਸ਼ ਦੀ ਆਰਥਿਕਤਾ ਨੂੰ ਆਪਣੀ ਸਮਰੱਥਾ ਤੱਕ ਪਹੁੰਚਣ ਅਤੇ ਵਿੱਤੀ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਨਾ ਹੈ। ਸੈਂਟਰਲ ਬੈਂਕ ਆਫ ਸ਼੍ਰੀਲੰਕਾ ਨੇ ਬਿਆਨ ਵਿੱਚ ਕਿਹਾ ਹੈ ਕਿ ਜਮ੍ਹਾ ਸਹੂਲਤ ਦਰ ਅਤੇ ਕਰਜ਼ੇ ਦੀਆਂ ਦਰਾਂ ਨੂੰ ਦੋ ਫ਼ੀਸਦੀ ਅੰਕ ਘਟਾ ਕੇ ਕ੍ਰਮਵਾਰ 11 ਅਤੇ 12 ਫ਼ੀਸਦੀ ਕਰ ਦਿੱਤਾ ਗਿਆ ਹੈ।
ਬਿਆਨ 'ਚ ਕਿਹਾ ਗਿਆ ਹੈ, ''ਇਸਦਾ ਉਦੇਸ਼ ਅਰਥਵਿਵਸਥਾ ਨੂੰ ਆਪਣੀ ਸਮਰੱਥਾ ਤੱਕ ਪਹੁੰਚਣ ਦੇ ਯੋਗ ਬਣਾਉਣਾ ਅਤੇ ਵਿੱਤੀ ਬਾਜ਼ਾਰਾਂ 'ਚ ਤਣਾਅ ਨੂੰ ਘੱਟ ਕਰਦੇ ਹੋਏ ਮੱਧਮ ਮਿਆਦ ਦੇ ਦੌਰਾਨ ਮਹਿੰਗਾਈ ਨੂੰ ਸਿੰਗਲ ਅੰਕਾਂ 'ਚ ਰੱਖਣਾ ਹੈ।'' ਕੇਂਦਰੀ ਬੈਂਕ ਨੇ ਬੈਂਕਿੰਗ ਅਤੇ ਵਿੱਤੀ ਖੇਤਰ ਨੂੰ ਕਿਹਾ ਕਿ ਉਙ ਵਿਆਜ਼ ਦਰ ਵਿੱਚ ਕੀਤੀ ਕਈ ਵੱਡੀ ਕਟੌਤੀ ਦੇ ਲਾਭ ਨੂੰ ਲੋਕਾਂ ਅਤੇ ਕਾਰਪੋਰੇਟ ਸੈਕਟਰ ਤੱਕ ਪਹੁੰਚਾਉਣ। ਕਰੀਬ ਇੱਕ ਮਹੀਨੇ ਵਿੱਚ ਕੇਂਦਰੀ ਬੈਂਕ ਨੇ ਦੂਜੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਜੂਨ ਦੀ ਸ਼ੁਰੂਆਤ ਵਿੱਚ ਵੀ ਤਿੰਨ ਸਾਲਾਂ ਵਿੱਚ ਪਹਿਲੀ ਵਾਰ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਸੀ।