ਕਾਰ ''ਚ ਏਅਰਬੈਗ, ਸਪੀਡ ਅਲਰਟ ਸਿਸਟਮ ਲਾਉਣਾ ਅਗਲੇ ਸਾਲ ਤੋਂ ਹੋ ਜਾਵੇਗਾ ਜ਼ਰੂਰੀ
Monday, Oct 30, 2017 - 01:38 AM (IST)

ਨਵੀਂ ਦਿੱਲੀ— 1 ਜੁਲਾਈ 2019 ਤੋਂ ਬਾਅਦ ਹਰ ਕਾਰ ਨਿਰਮਾਤਾ ਨੂੰ ਸਾਰੀਆਂ ਕਾਰਾਂ 'ਚ ਏਅਰਬੈਗ, ਸਪੀਡ ਵਾਰਨਿੰਗ ਸਿਸਟਮ, ਸੀਟ ਬੈਲੇਟ ਵਾਰਨਿੰਗ ਸਿਸਟਮ ਤੇ ਰਿਵਰਸ ਪਾਰਕਿੰਗ ਸੈਂਸਰ ਲਾਉਣਾ ਜ਼ਰੂਰੀ ਹੋਵੇਗਾ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਇਹ ਸਿਸਟਮ ਲਾਗੂ ਕਰਨ ਦੀ ਟਾਈਮਲਾਈਨ ਤੈਅ ਕਰ ਦਿੱਤੀ ਹੈ।
ਇਸ ਸਬੰਧ 'ਚ ਸੂਚਨਾ ਕੁਝ ਦਿਨਾਂ 'ਚ ਜਾਰੀ ਹੋ ਜਾਵੇਗੀ। ਹੁਣ ਸਿਰਫ ਮਹਿੰਗੀਆਂ ਅਤੇ ਲਗਜ਼ਰੀ ਕਾਰਾਂ 'ਚ ਹੀ ਇਸ ਤਰ੍ਹਾਂ ਦੇ ਫੀਚਰ ਹੁੰਦੇ ਹਨ। ਦਰਅਸਲ ਇਨ੍ਹਾਂ ਫੀਚਰਾਂ ਨੂੰ ਲਾਉਣ ਨਾਲ ਕਾਰ ਦੀ ਕੀਮਤ ਵੱਧ ਜਾਂਦੀ ਹੈ। ਫਾਈਵ ਸਟਾਰ ਸੁਰੱਖਿਆ ਫੀਚਰ ਕਾਰਾਂ ਦੀ ਸਰਕਾਰ ਵੱਲੋਂ ਵਿੱਤੀ ਮਦਦ ਕੀਤੀ ਜਾਵੇਗੀ।
ਹਰ ਸਾਲ ਸੜਕ ਹਾਦਸਿਆਂ 'ਚ ਮਾਰੇ ਜਾਂਦੇ ਹਨ 1.5 ਲੱਖ ਲੋਕ
ਮੰਤਰਾਲਾ ਨੇ ਇਹ ਫੈਸਲਾ ਸੜਕ ਸੁਰੱਖਿਆ ਵਧਾਉਣ ਲਈ ਕੀਤਾ ਹੈ। ਦੇਸ਼ 'ਚ ਹਰ ਸਾਲ 5 ਲੱਖ ਸੜਕ ਹਾਦਸਿਆਂ 'ਚ 1.5 ਲੱਖ ਕਰੋੜ ਲੋਕ ਮਾਰੇ ਜਾਂਦੇ ਹਨ ਅਤੇ 3 ਲੱਖ ਲੋਕ ਜ਼ਖਮੀ ਹੁੰਦੇ ਹਨ। ਇਨ੍ਹਾਂ 'ਚ ਜ਼ਿਆਦਾਤਰ ਹਾਦਸੇ ਡਰਾਈਵਰ ਦੀ ਮੌਤ ਅਤੇ ਜ਼ਖਮੀ ਹੋਣ, ਤੇਜ਼ ਰਫਤਾਰ 'ਤੇ ਵਾਹਨ ਚਲਾਉਣ, ਬਿਨਾਂ ਦੇਖੇ ਬੈਕ ਕਰਨ ਅਤੇ ਸੀਟ ਬੈਲਟ ਨਾ ਲਾਉਣ ਕਾਰਨ ਹੁੰਦੇ ਹਨ। ਸਾਰੇ ਫੀਚਰ ਜ਼ਰੂਰੀ ਹੋਣ ਨਾਲ ਇਸ ਤਰ੍ਹਾਂ ਦੇ ਹਾਦਸਿਆਂ 'ਤੇ ਰੋਕ ਲਾਉਣ 'ਚ ਮਦਦ ਮਿਲੇਗੀ। ਸਾਰੀਆਂ ਕਾਰਾਂ 'ਚ ਏ. ਆਈ. ਐੱਸ. 145 ਮਾਪਦੰਡ ਸੁਰੱਖਿਆ ਫੀਚਰ ਦੇਣਾ ਜ਼ਰੂਰੀ ਹੋਵੇਗਾ। ਕਾਰਾਂ ਦੀ ਸੁਰੱਖਿਆ ਦੇ ਪ੍ਰੀਖਣ ਲਈ ਪ੍ਰਸਤਾਵਿਤ ਭਾਰਤ ਐੱਨ. ਸੀ. ਏ. ਪੀ. ਕ੍ਰੈਸ਼ ਟੈਸਟ ਪ੍ਰੋਗਰਾਮ ਤਹਿਤ ਇਨ੍ਹਾਂ ਫੀਚਰ ਵਾਲੀਆਂ ਸਾਰੀਆਂ ਕਾਰਾਂ ਨੂੰ ਸੁਰੱਖਿਆ ਦੀ ਫਾਈਵ ਸਟਾਰ ਰੇਟਿੰਗ ਪ੍ਰਦਾਨ ਕੀਤੀ ਜਾਵੇਗੀ।
ਰਫਤਾਰ ਤੇਜ਼ ਹੋਣ 'ਤੇ ਦੇਵੇਗਾ ਆਡਿਓ ਅਲਰਟ
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਤੋਂ ਜਾਣਕਾਰੀ ਮਿਲੀ ਹੈ ਕਿ ਨਵੀਆਂ ਕਾਰਾਂ 'ਚ ਅਜਿਹਾ ਸਿਸਟਮ ਲਾਇਆ ਜਾਵੇਗਾ, ਜੋ ਰਫਤਾਰ ਦੇ 80 ਕਿਲੋਮਾਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੋਣ 'ਤੇ ਆਡਿਓ ਅਲਰਟ ਦੇਵੇਗਾ। 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੋਣ 'ਤੇ ਇਸ ਅਲਰਟ ਦੀ ਆਵਾਜ਼ ਹੋਰ ਵੀ ਤੇਜ਼ ਹੋ ਜਾਵੇਗੀ ਅਤੇ ਜਦੋਂ 120 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਸਪੀਡ ਹੋਵੇਗੀ, ਤਾਂ ਇਹ ਲਗਾਤਾਰ ਵਜਦਾ ਰਹੇਗਾ।