ਕੁਝ ਕੰਪਨੀਆਂ ਨੂੰ ਦਿੱਤੇ ਕਰਜ਼ੇ ਕਾਰਨ ਬੈਂਕ ਨੂੰ ਲੱਗਾ ਝਟਕਾ-ਯੈੱਸ ਬੈਂਕ

Monday, Nov 04, 2019 - 02:39 PM (IST)

ਮੁੰਬਈ — ਯੈੱਸ ਬੈਂਕ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਫਸੇ ਕਰਜ਼ੇ ਦੀ ਸਥਿਤੀ ਬਿਹਤਰ ਹੋ ਸਕਦੀ ਹੈ ਪਰ ਕੁਝ ਕੰਪਨੀਆਂ ਨੂੰ ਦਿੱਤੇ ਕਰਜ਼ੇ ਕਾਰਨ ਉਸਨੂੰ ਨੁਕਸਾਨ ਪਹੁੰਚਿਆ ਹੈ। ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵਨੀਤ ਗਿੱਲ ਨੇ ਕਿਹਾ ਕਿ ਜਿਨ੍ਹਾਂ ਝਟਕਿਆਂ ਨੇ ਬੈਂਕ ਨੂੰ ਪ੍ਰਭਾਵਿਤ ਕੀਤਾ ਹੈ ਉਨ੍ਹਾਂ 'ਚ ਕੈਫੇ ਕੌਫੀ ਡੇਅ, ਅਲਟੀਕੋ ਕੈਪੀਟਲ, ਸੀ.ਜੀ. ਪਾਵਰ ਅਤੇ ਕਾਕਸ ਐਂਡ ਕਿੰਗਜ਼ ਕੰਪਨੀਆਂ ਨੂੰ ਦਿੱਤਾ ਕਰਜ਼ਾ ਸ਼ਾਮਲ ਹੈ।

ਗਿੱਲ ਨੇ ਯਕੀਨ ਜ਼ਾਹਰ ਕੀਤਾ ਕਿ ਬੈਂਕ ਦੇ NPA ਦਾ ਆਉਂਦੇ ਭਵਿੱਖ 'ਚ ਉਛਾਲ ਨਹੀਂ ਆਵੇਗਾ। ਸਤੰਬਰ ਤਿਮਾਹੀ 'ਚ ਬੈਂਕ ਦਾ ਕੁੱਲ NPA ਵਧ ਕੇ 7.39 ਫੀਸਦੀ ਪਹੁੰਚ ਗਿਆ ਹੈ ਜਦੋਂਕਿ ਇਸ ਤੋਂ ਪਹਿਲਾਂ ਜੂਨ ਤਿਮਾਹੀ 'ਚ ਇਹ ਅੰਕੜਾ 5.01 ਫੀਸਦੀ 'ਤੇ ਸੀ। ਇਕ ਸਾਲ ਪਹਿਲਾਂ ਦੀ ਸਤੰਬਰ ਤਿਮਾਹੀ 'ਚ ਬੈਂਕ ਦਾ NPA 1.68 ਫੀਸਦੀ ਸੀ। ਇਸ ਦੇ ਨਾਲ ਹੀ ਦੂਜੇ ਪਾਸੇ ਯੈੱਸ ਬੈਂਕ ਦੀ 1.2 ਅਰਬ ਡਾਲਰ(8,462 ਕਰੋੜ ਰੁਪਏ) ਦੀ ਪੂੰਜੀ ਇਕੱਠੀ ਕਰਨ ਦੀ ਪ੍ਰਕਿਰਿਆ ਨੂੰ ਦਸੰਬਰ ਤੱਕ ਖਤਮ ਕਰਨ ਅਤੇ ਬੋਰਡ ਆਫ ਡਾਇਰੈਕਟਰ 'ਚ ਨਵੇਂ ਡਾਇਰੈਕਟਰਾਂ ਨੂੰ ਸਥਾਨ ਦੇਣ ਦੀ ਯੋਜਨਾ ਹੈ।

ਬੈਂਕ ਨੇ ਕਿਹਾ ਕਿ ਉਹ ਨਾਰਥ ਅਮੈਰਿਕਨ ਫੈਮਿਲੀ ਆਫਿਸ ਜਾਂ ਨਿਵੇਸ਼ਕਾਂ ਦੇ ਸਮੂਹ ਨਾਲ ਪੂੰਜੀ ਇਕੱਠੀ ਕਰ ਸਕਦਾ ਹੈ। ਗਿੱਲ ਨੇ ਕਿਹਾ, ' ਅਸੀਂ ਦਸੰਬਰ ਅੰਤ ਤੱਕ 1.2 ਅਰਬ ਡਾਲਰ ਇਕੱਠਾ ਕਰਾਂਗੇ। ਇਹ ਪੂੰਜੀ ਨਾਰਥ ਅਮਰੀਕਨ ਫੈਮਿਲੀ ਆਫਿਸ ਤੋਂ ਜਾਂ ਫਿਰ ਕਈ ਨਿਵੇਸ਼ਕਾਂ ਤੋਂ ਇਕੱਠੀ ਕੀਤੀ ਜਾਵੇਗੀ।'


Related News