ਕਣਕ ਦਾ ਰਕਬਾ ਪਿਛਲੇ ਸਾਲ ਨਾਲੋਂ 5 ਫ਼ੀਸਦੀ ਘੱਟ
Sunday, Feb 04, 2018 - 01:30 AM (IST)
ਨਵੀਂ ਦਿੱਲੀ— ਫਸਲੀ ਸਾਲ 2017-18 (ਜੁਲਾਈ-ਜੂਨ) 'ਚ ਹਾੜ੍ਹੀ ਫਸਲਾਂ ਦੀ ਬੀਜਾਈ ਖ਼ਤਮ ਹੋਣ ਤੋਂ ਬਾਅਦ ਜੋ ਦੇਸ਼ ਭਰ ਤੋਂ ਅੰਕੜੇ ਮਿਲ ਰਹੇ ਹਨ, ਉਨ੍ਹਾਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪ੍ਰਮੁੱਖ ਹਾੜ੍ਹੀ ਫਸਲ ਕਣਕ ਦਾ ਰਕਬਾ 5 ਫ਼ੀਸਦੀ ਘੱਟ ਹੋਇਆ ਹੈ। ਤਿਲਹਨਾਂ ਦੀ ਬੀਜਾਈ ਵੀ ਕਰੀਬ 5 ਫ਼ੀਸਦੀ ਘਟ ਗਈ ਹੈ, ਜਦੋਂ ਕਿ ਦਾਲਾਂ ਦਾ ਰਕਬਾ ਵਧ ਗਿਆ ਹੈ। ਪਿਛਲੇ ਸਾਲ ਦੇਸ਼ 'ਚ ਰਿਕਾਰਡ ਕਣਕ ਦੀ ਖੇਤੀ ਹੋਈ ਸੀ ਅਤੇ ਕੁਲ ਰਕਬਾ 317.82 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਸੀ, ਜਦੋਂ ਕਿ ਇਸ ਸਾਲ ਇਹ 5,38 ਫ਼ੀਸਦੀ ਘਟ ਕੇ 300.70 ਲੱਖ ਹੈਕਟੇਅਰ ਰਹਿ ਗਿਆ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਕਣਕ ਦੀ ਫਸਲ ਹੁਣ ਤੱਕ ਸਹੀ ਸਥਿਤੀ 'ਚ ਦੱਸੀ ਜਾ ਰਹੀ ਹੈ ਪਰ ਫਸਲ 'ਚ ਕਮੀ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ।
ਪਿਛਲੇ ਸਾਲ ਦੇਸ਼ 'ਚ 9.83 ਕਰੋੜ ਟਨ ਕਣਕ ਦਾ ਉਤਪਾਦਨ ਹੋਇਆ ਸੀ ਅਤੇ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਤੇ ਸੂਬਿਆਂ ਦੀਆਂ ਏਜੰਸੀਆਂ ਨੇ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 1625 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ 308 ਲੱਖ ਟਨ ਕਣਕ ਸੈਂਟਰਲ ਪੂਲ ਲਈ ਖਰੀਦੀ ਸੀ। ਅਗਲੀ ਹਾੜ੍ਹੀ ਫਸਲ ਬਾਜ਼ਾਰੀਕਰਨ ਸਾਲ 2018-19 ਲਈ ਕੇਂਦਰ ਸਰਕਾਰ ਨੇ ਕਣਕ ਲਈ ਐੱਮ. ਐੱਸ. ਪੀ. 1735 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਕੇਂਦਰੀ ਖੇਤੀਬਾੜੀ ਮੰਤਰਾਲਾ ਦੀ ਵੈੱਬਸਾਈਟ 'ਤੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਹਾੜ੍ਹੀ ਬੀਜਾਈ ਦੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਹਾੜ੍ਹੀ ਫਸਲਾਂ ਦੀ ਬੀਜਾਈ 632.34 ਲੱਖ ਹੈਕਟੇਅਰ 'ਚ ਹੋਈ, ਜੋ ਪਿਛਲੇ ਸਾਲ ਦੇ 641.72 ਲੱਖ ਹੈਕਟੇਅਰ ਨਾਲੋਂ 1.46 ਫ਼ੀਸਦੀ ਘੱਟ ਹੈ।
